ਗਾਜ਼ਾ: ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਸੱਤ ਬੱਚਿਆਂ ਸਣੇ 28 ਹਲਾਕ
ਯੈਰੂਸ਼ਲਮ, 12 ਦਸੰਬਰ
ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵੱਲੋਂ ਗਾਜ਼ਾ ’ਚ ਤੁਰੰਤ ਗੋਲੀਬੰਦੀ ਦੀ ਮੰਗ ਸਬੰਧੀ ਇਕ ਮਤਾ ਪਾਸੇ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ ਹੋਏ ਇਜ਼ਰਾਇਲੀ ਹਵਾਈ ਹਮਲਿਆਂ ਕਾਰਨ ਗਾਜ਼ਾ ਪੱਟੀ ਵਿੱਚ ਸੱਤ ਬੱਚਿਆਂ ਤੇ ਇਕ ਔਰਤ ਸਣੇ ਘੱਟੋ-ਘੱਟ 28 ਵਿਅਕਤੀ ਹਲਾਕ ਹੋ ਗਏ। ਰਾਤ ਭਰ ਹੋਏ ਇਨ੍ਹਾਂ ਹਮਲਿਆਂ ਵਿੱਚ ਇਕ ਘਰ ਤਬਾਹ ਹੋ ਗਿਆ।
ਇਸ ਘਰ ਨੂੰ ਬੇਘਰ ਹੋਏ ਲੋਕਾਂ ਲਈ ਇਕ ਸ਼ਰਨਾਰਥੀ ਕੈਂਪ ਬਣਾਇਆ ਹੋਇਆ ਸੀ। ਦੋ ਹੋਰ ਹਮਲਿਆਂ ਵਿੱਚ 15 ਵਿਅਕਤੀ ਮਾਰੇ ਗਏ ਜੋ ਕਿ ਸਥਾਨਕ ਕਮੇਟੀਆਂ ਦਾ ਹਿੱਸਾ ਸਨ। ਇਹ ਕਮੇਟੀਆਂ ਸਹਾਇਤਾ ਮੁਹੱਈਆ ਕਰਨ ਵਾਲੇ ਕਾਫਲਿਆਂ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਸਨ। ਇਹ ਕਮੇਟੀਆਂ ਬੇਆਬਾਦ ਹੋਏ ਫਲਸਤੀਨੀ ਲੋਕਾਂ ਨੇ ਹਮਾਸ ਵੱਲੋਂ ਚਲਾਏ ਜਾਂਦੇ ਗ੍ਰਹਿ ਮੰਤਰਾਲੇ ਨਾਲ ਤਾਲਮੇਲ ਕਰ ਕੇ ਬਣਾਈਆਂ ਸਨ। ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਨਾਸਰ ਹਸਪਤਾਲ ’ਚ ਵੀ ਕੁਝ ਲਾਸ਼ਾਂ ਪੁੱਜੀਆਂ ਅਤੇ ਐਸੋਸੀਏਟ ਪ੍ਰੈੱਸ ਦੇ ਇਕ ਪੱਤਰਕਾਰ ਨੇ ਇਨ੍ਹਾਂ ਲਾਸ਼ਾਂ ਨੂੰ ਗਿਣਿਆ।
ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ’ਚੋਂ ਅੱਠ ਦੀ ਮੌਤ ਦੱਖਣੀ ਸਰਹੱਦ ਨੇੜਲੇ ਸ਼ਹਿਰ ਰਾਫ਼ਾਹ ’ਚ ਹੋਏ ਇਕ ਹਮਲੇ ਦੌਰਾਨ ਹੋਈ। ਉਸ ਤੋਂ 30 ਮਿੰਟ ਬਾਅਦ ਖਾਨ ਯੂਨਿਸ ਨੇੜੇ ਹੋਏ ਇਕ ਹੋਰ ਹਮਲੇ ਵਿੱਚ ਸੱਤ ਹੋਰਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇਕ ਇਜ਼ਰਾਇਲੀ ਬੱਸ ’ਤੇ ਹੋਏ ਹਮਲੇ ਵਿੱਚ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। -ਏਪੀ