ਗਾਜ਼ਾ: ਤਿੰਨ ਦਿਨਾਂ ਦੀ ਗੋਲੀਬੰਦੀ ਦੇ ਬਦਲੇ ਛੱਡੇ ਜਾ ਸਕਦੇ ਨੇ 12 ਬੰਧਕ
ਖ਼ਾਨ ਯੂਨਿਸ, 9 ਨਵੰਬਰ
ਗਾਜ਼ਾ ਦੇ ਮਾੜੇ ਹਾਲਾਤ ’ਤੇ ਕੌਮਾਂਤਰੀ ਪੱਧਰ ਉਪਰ ਚਿੰਤਾ ਜਤਾਏ ਦਰਮਿਆਨ ਵਿਚੋਲੇ 12 ਦੇ ਕਰੀਬ ਬੰਧਕਾਂ ਦੀ ਰਿਹਾਈ ਦੇ ਬਦਲੇ ’ਚ ਤਿੰਨ ਦਿਨਾਂ ਦੀ ਗੋਲੀਬੰਦੀ ਬਾਰੇ ਸੰਭਾਵਤਿ ਸਮਝੌਤੇ ਨੇੜੇ ਪੁੱਜ ਗਏ ਹਨ। ਮਿਸਰ ਦੇ ਦੋ ਅਤੇ ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਮੁਤਾਬਕ ਸਮਝੌਤੇ ਤਹਤਿ ਇਲਾਕੇ ’ਚ ਥੋੜ੍ਹਾ ਈਂਧਣ ਭੇਜਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋਈ ਵੀ ਆਰਜ਼ੀ ਗੋਲੀਬੰਦੀ ਤਾਂ ਹੀ ਸੰਭਵ ਹੈ ਜੇਕਰ ਬੰਧਕਾਂ ਦੀ ਰਿਹਾਈ ਕੀਤੀ ਜਾਂਦੀ ਹੈ। ਅਮਰੀਕਾ, ਮਿਸਰ ਅਤੇ ਕਤਰ ਵੱਲੋਂ ਸੰਭਾਵਤਿ ਗੋਲੀਬੰਦੀ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਏਲੀ ਕੋਹੇਨ ਨੇ ਕਿਸੇ ਵੀ ਸਮਝੌਤੇ ਬਾਰੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਵਾਰਤਾ ’ਤੇ ਅਸਰ ਪੈ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਬਾਰੇ ਦਫ਼ਤਰ ਨੇ ਕਿਹਾ ਕਿ ਬੁੱਧਵਾਰ ਨੂੰ 50 ਹਜ਼ਾਰ ਲੋਕ ਗਾਜ਼ਾ ਦੇ ਮੁੱਖ ਹਾਈਵੇਅ ਤੋਂ ਦੱਖਣ ਵੱਲ ਚਲੇ ਗਏ। ਇਜ਼ਰਾਇਲੀ ਫ਼ੌਜ ਵੱਲੋਂ ਰੋਜ਼ਾਨਾ ਲੋਕਾਂ ਨੂੰ ਦੱਖਣ ਵੱਲ ਜਾਣ ਲਈ ਸਮਾਂ ਦਿੱਤਾ ਜਾਂਦਾ ਹੈ। ਉਧਰ ਇਜ਼ਰਾਈਲ ਨੇ ਬੁੱਧਵਾਰ ਰਾਤ ਗਾਜ਼ਾ ’ਤੇ ਜ਼ੋਰਦਾਰ ਹਵਾਈ ਹਮਲੇ ਕੀਤੇ ਅਤੇ ਪੈਦਲ ਸੈਨਾ ਨੇ ਸੰਘਣੀ ਸ਼ਹਿਰੀ ਆਬਾਦੀ ’ਚ ਹਮਾਸ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਫ਼ੌਜ ਸ਼ਿਫ਼ਾ ਹਸਪਤਾਲ ਤੋਂ ਹੁਣ ਕਰੀਬ ਤਿੰਨ ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਮੁਤਾਬਕ ਹਮਾਸ ਦੇ ਖ਼ਾਤਮੇ ਦੀ ਮੁਹਿੰਮ ’ਚ ਇਜ਼ਰਾਈਲ ਦਾ ਧਿਆਨ ਗਾਜ਼ਾ ਦੇ ਸਭ ਤੋਂ ਵੱਡੇ ਸ਼ਹਿਰ ’ਤੇ ਹੈ। -ਏਪੀ
ਇਜ਼ਰਾਈਲ ਆਮ ਲੋਕਾਂ ਦੀ ਰੱਖਿਆ ਯਕੀਨੀ ਬਣਾਏ: ਮੈਕਰੌਂ
ਪੈਰਿਸ: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਇਜ਼ਰਾਈਲ ਨੂੰ ਆਮ ਲੋਕਾਂ ਦੀ ਰੱਖਿਆ ਕਰਨ ਦੀ ਅਪੀਲ ਕਰਦਿਆਂ ਗਾਜ਼ਾ ਸਹਾਇਤਾ ਕਾਨਫਰੰਸ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਸਾਰਿਆਂ ਦੇ ਜੀਵਨ ਦੀ ਕੀਮਤ ਇਕ ਬਰਾਬਰ ਹੈ ਅਤੇ ਇਸ ਲਈ ਦੋਹਰੇ ਮਾਪਦੰਡ ਤੈਅ ਨਹੀਂ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਨਿਯਮਾਂ ਦੇ ਅਤਿਵਾਦ ਨਾਲ ਲੜਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ ਹੈ। ਪੈਰਿਸ ’ਚ ਹੋ ਰਹੀ ਕਾਨਫਰੰਸ ’ਚ ਪੱਛਮੀ ਅਤੇ ਅਰਬ ਮੁਲਕਾਂ ਦੇ ਨਾਲ ਹੀ ਸੰਯੁਕਤ ਰਾਸ਼ਟਰ ਅਤੇ ਅੰਤਰ-ਸਰਕਾਰੀ ਸੰਗਠਨਾਂ ਦੇ ਅਧਿਕਾਰੀ ਹਿੱਸਾ ਲੈ ਰਹੇ ਹਨ। ਕਾਨਫਰੰਸ ’ਚ ਇਜ਼ਰਾਈਲ ਦੇ ਅਧਿਕਾਰੀ ਹਿੱਸਾ ਨਹੀਂ ਲੈ ਰਹੇ ਹਨ। ਉਂਜ ਕਾਨਫਰੰਸ ’ਚ ਫਲਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਤੇਯਹ ਹਾਜ਼ਰ ਹਨ। ਮੈਕਰੌਂ ਨੇ ਕਿਹਾ,‘‘ਆਮ ਲੋਕਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ। ਇਸ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਹੈ।’’ ਉਨ੍ਹਾਂ ਹਮਾਸ ਖ਼ਿਲਾਫ਼ ਇਜ਼ਰਾਈਲ ਦੇ ਹਮਲੇ ’ਚ ਮਾਨਵੀ ਆਧਾਰ ’ਤੇ ਜੰਗਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕਰਕੇ ਫਲਸਤੀਨੀਆਂ ਨੂੰ ਭਿਆਨਕ ਨਤੀਜੇ ਭੁਗਤਣ ਲਈ ਛੱਡਣ ਦੀ ਜ਼ਿੰਮੇਵਾਰੀ ਹਮਾਸ ਦੀ ਹੈ। -ਏਪੀ