ਅੰਮ੍ਰਿਤਸਰ ਵਿੱਚ 27 ਅਪਰੈਲ ਨੂੰ ਹੋਣ ਵਾਲੀ ਗੇਅ ਪਰੇਡ ਰੱਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਅਪਰੈਲ
ਸਿੱਖ ਜਥੇਬੰਦੀਆਂ ਸਮੇਤ ਹੋਰ ਜਥੇਬੰਦੀਆਂ ਦੇ ਸਖਤ ਵਿਰੋਧ ਤੋਂ ਬਾਅਦ ਅੰਮ੍ਰਿਤਸਰ ਵਿੱਚ 27 ਅਪਰੈਲ ਨੂੰ ਹੋਣ ਵਾਲਾ ‘ਗੇਅ ਮੇਲਾ’ ਜਿਸ ਨੂੰ ਅੰਮ੍ਰਿਤਸਰ ਪ੍ਰਾਈਡ ਪਰੇਡ-2025 ਦਾ ਨਾਂਅ ਦਿੱਤਾ ਗਿਆ ਸੀ, ਰੱਦ ਕਰ ਦਿੱਤਾ ਗਿਆ ਹੈ।
ਇਹ ਸਮਾਗਮ ਐੱਲਜੀਬੀਟੀਕਯੂ ਅਤੇ ਇਸੇ ਤਰ੍ਹਾਂ ਦੀਆਂ ਹੋਰ ਜਥੇਬੰਦੀਆਂ ਵੱਲੋਂ 27 ਅਪਰੈਲ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਰੋਜ਼ ਗਾਰਡਨ ਵਿੱਚ ਕੀਤਾ ਜਾਣਾ ਸੀ। ਪਰ ਪਤਾ ਲੱਗਾ ਹੈ ਕਿ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਜਥੇਬੰਦੀ ਨਾਲ ਸਬੰਧਤ ਮੈਂਬਰਾਂ ਅਤੇ ਸਮਰਥਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਇਸ ਸਮਾਗਮ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ ਤੇ ਪ੍ਰਬੰਧਕਾਂ ਦਾ ਇੱਕ ਪੱਤਰ ਵਾਇਰਲ ਹੋਇਆ ਹੈ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਅੰਮ੍ਰਿਤਸਰ ਪ੍ਰਾਈਡ ਪਰੇਡ ਦੇ ਪ੍ਰਬੰਧਕਾਂ ਵੱਲੋਂ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ’ਚ ਸ਼ਾਮਲ ਰਿਦਮ ਚੱਢਾ ਅਤੇ ਰਮਿਤ ਸੇਠ ਨੇ ਕਿਹਾ ਕਿ ਐਲਜੀਬੀਟੀਕਯੂ ਤੇ ਹੋਰ ਭਾਈਚਾਰੇ ਦੇ ਮੈਂਬਰਾਂ ਅਤੇ ਸਮਰਥਕਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਇਸ ਸੰਬੰਧ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਵਿੱਚ ਇਸ ਸਮਾਗਮ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਗੇਅ ਭਾਈਚਾਰੇ ਨਾਲ ਸਬੰਧਤ ਨੌਜਵਾਨ ਮੁੰਡੇ-ਕੁੜੀਆਂ ਨੱਚਦੇ ਦਿਖਾਏ ਗਏ ਸਨ, ਜਿਨ੍ਹਾਂ ’ਚ ਪਗੜੀਧਾਰੀ ਨੌਜਵਾਨ ਵੀ ਸ਼ਾਮਲ ਸਨ। ਇਹ ਮਾਮਲਾ ਸ਼ਨਿਚਰਵਾਰ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਗੈਰ-ਕੁਦਰਤੀ ਆਖਿਆ ਸੀ।
ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ। ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਇਸੇ ਦੇ ਸਬੰਧ ਵਿੱਚ ਇੱਕ ਵੀਡੀਓ ਰਾਹੀਂ ਪ੍ਰਬੰਧਕਾਂ ਤੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਸੀ ਕਿ ਜੇਕਰ ਅੰਮ੍ਰਿਤਸਰ ਵਿੱਚ ਅਜਿਹਾ ਸਮਾਗਮ ਹੋਇਆ ਤਾਂ ਉਸ ਨੂੰ ਰੋਕਣ ਲਈ ਉਹ ਹਰ ਸੰਭਵ ਯਤਨ ਕਰਨਗੇ। ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਵੀ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਸ ਸਬੰਧ ’ਚ ਵਿਰੋਧ ਕਰਨ ਵਾਲਿਆਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
ਸਮਾਗਮ ਬਾਰੇ ਕੋਈ ਜਾਣਕਾਰੀ: ਡੀਸੀ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਸਮਾਗਮ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਮਾਗਮ ਵਾਸਤੇ ਜਨਤਕ ਸਥਾਨ ਦੀ ਵਰਤੋ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ ਪਰ ਹੁਣ ਤੱਕ ਕਿਸੇ ਵੀ ਪ੍ਰਬੰਧਕ ਵੱਲੋਂ ਇਸ ਸਬੰਧੀ ਪ੍ਰਵਾਨਗੀ ਲੈਣ ਲਈ ਪ੍ਰਸ਼ਾਸਨ ਨਾਲ ਸੰਪਰਕ ਨਹੀਂ ਕੀਤਾ ਗਿਆ।