ਗੌਤਮ ਅਡਾਨੀ ’ਤੇ ਰਿਸ਼ਵਤਖ਼ੋਰੀ ਦਾ ਕੋਈ ਦੋਸ਼ ਨਹੀਂ: ਅਡਾਨੀ ਗਰੁੱਪ
ਨਵੀਂ ਦਿੱਲੀ, 27 ਨਵੰਬਰ
ਅਡਾਨੀ ਗ੍ਰੀਨ ਐਨਰਜੀ ਲਿਮਟਿਡ (ਏਜੀਈਐੱਲ) ਨੇ ਕਿਹਾ ਹੈ ਕਿ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਅਮਰੀਕਾ ਦੇ ਐੱਫਸੀਪੀਏ ਤਹਿਤ ਕੋਈ ਦੋਸ਼ ਨਹੀਂ ਲੱਗਿਆ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ’ਤੇ ਤਿੰਨ ਹੋਰ ਦੋਸ਼ ਲੱਗੇ ਹਨ, ਜਿਨ੍ਹਾਂ ਵਿੱਚ ਸਕਿਓਰਿਟੀ ਤੇ ਵਾਇਰ ਧੋਖਾਧੜੀ ਸ਼ਾਮਲ ਹਨ, ਜਿਨ੍ਹਾਂ ਲਈ ਜੁਰਮਾਨੇ ਲਾਏ ਜਾ ਸਕਦੇ ਹਨ। ਅਡਾਨੀ ਗ੍ਰੀਨ ਐਨਰਜੀ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਦਾਇਰ ਅਮਰੀਕਾ ਦੇ ਨਿਆਂ ਮੰਤਰਾਲੇ (ਯੂਐੱਸ ਡੀਓਜੀ) ਨੇ ਅਡਾਨੀ ਗਰੁੱਪ ਦੇ ਸੰਸਥਾਪਕ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਤੇ ਵਿਨੀਤ ਜੈਨ ਦਾ ਐੱਫਸੀਪੀਏ ਦੀ ਉਲੰਘਣਾ ਕਰਨ ਦੀ ਸਾਜਿਸ਼ ਨਾਲ ਸਬੰਧਤ ਕਿਸੇ ਵੀ ਮਾਮਲੇ ਵਿੱਚ ਜ਼ਿਕਰ ਨਹੀਂ ਕੀਤਾ। ਅਡਾਨੀ ਗਰੁੱਪ ਬੰਦਰਗਾਹਾਂ ਤੋਂ ਲੈ ਕੇ ਊਰਜਾ ਖੇਤਰ ਤੱਕ ਕਾਰੋਬਾਰ ਕਰਦਾ ਹੈ। ਏਜੀਈਐੱਲ ’ਤੇ ਦੋਸ਼ ਹੈ ਕਿ ਸੂਰਜੀ ਊਰਜਾ ਵਿਕਰੀ ਠੇਕਾ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 26.5 ਕਰੋੜ ਅਮਰੀਕੀ ਡਾਲਰਾਂ ਦੀ ਰਿਸ਼ਵਤ ਦਿੱਤੀ ਗਈ, ਜਿਸ ਨਾਲ ਕੰਪਨੀ ਨੂੰ 20 ਸਾਲਾਂ ਤੱਕ ਦੋ ਅਰਬ ਅਮਰੀਕੀ ਡਾਲਰਾਂ ਦਾ ਲਾਭ ਹੋ ਸਕਦਾ ਸੀ। ਕੰਪਨੀ ਦਾ ਕਹਿਣਾ ਹੈ ਕਿ ਏਜੀਈਐੱਲ ਦੇ ਤਿੰਨਾਂ ਅਧਿਕਾਰੀਆਂ ’ਤੇ ਸਿਰਫ਼ ਸਕਿਓਰਿਟੀ ਧੋਖਾਧੜੀ ਸਾਜਿਸ਼, ਵਾਇਰ ਧੋਖਾਧੜੀ ਸਾਜਿਸ਼ ਤੇ ਧੋਖਾਧੜੀ ਦੇ ਦੋਸ਼ ਹਨ। ਆਮ ਤੌਰ ’ਤੇ ਅਜਿਹੇ ਦੋਸ਼ਾਂ ਲਈ ਦੰਡ ਰਿਸ਼ਵਤਖੋਰੀ ਦੀ ਤੁਲਨਾ ਵਿੱਚ ਘੱਟ ਗੰਭੀਰ ਹੁੰਦੇ ਹਨ। ਕੰਪਨੀ ਨੇ ਕਿਹਾ ਹੈ ਕਿ ਗੌਤਮ ਅਤੇ ਸਾਗਰ ’ਤੇ ਸਕਿਓਰਿਟੀ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਤੇ ਅਡਾਨੀ ਗਰੁੱਪ ਨੂੰ ਇਨ੍ਹਾਂ ਐਕਟਾਂ ਦੀ ਉਲੰਘਣਾ ਕਰਨ ਵਿੱਚ ਸਹਾਇਤਾ ਕਰਨ ਤੇ ਉਤਸ਼ਾਹਿਤ ਕਰਨ ਲਈ ਸਿਵਲ ਸ਼ਿਕਾਇਤ ਦਰਜ ਹੈ। ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਨੇ ਪਿਛਲੇ ਹਫ਼ਤੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਬਚਾਅ ਲਈ ਹਰ ਸੰਭਵ ਕਾਨੂੰਨੀ ਸਹਾਇਤਾ ਲਵੇਗਾ। ਕੰਪਨੀ ਦੀ ਸੂਚਨਾ ਮੁਤਾਬਕ ਗੌਤਮ ਅਡਾਨੀ, ਸਾਗਰ ਅਡਾਨੀ ਤੇ ਵਿਨੀਤ ਜੈਨ ’ਤੇ ਅਮਰੀਕੀ ਨਿਆਂ ਮੰਤਰਾਲੇ ਵੱਲੋਂ ਲਾਏ ਕਿਸੇ ਵੀ ਦੋਸ਼ ਜਾਂ ਅਮਰੀਕਾ ਦੇ ਸਕਿਓਰਿਟੀ ਤੇ ਐਕਸਚੇਂਜ ਕਮਿਸ਼ਨ ਦੀ ਸਿਵਲ ਸ਼ਿਕਾਇਤ ਵਿੱਚ ਐੱਫਸੀਪੀਏ ਦੀ ਕਿਸੇ ਵੀ ਧਾਰਾ ਦੀ ਉਲੰਘਣਾ ਦਾ ਦੋਸ਼ ਨਹੀਂ ਲੱਗਿਆ ਹੈ। -ਪੀਟੀਆਈ