ਗੌਰਵ ਯਾਦਵ ਕੇਂਦਰੀ ਸੁਰੱਖਿਆ ਬਲ ਦੇ ਡੀਜੀ ਲਈ ਪੈਨਲ ਵਿੱਚ ਸ਼ਾਮਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਨਾਮ ਕੇਂਦਰੀ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ (ਡੀਜੀ) ਦੀ ਪੋਸਟ ਲਈ ਪੈਨਲ ’ਚ ਸ਼ਾਮਲ ਕੀਤਾ ਗਿਆ ਹੈ। ਇਸ ਪੈਨਲ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਯੂਟੀ ਕਾਡਰ ਦੇ 5 ਆਈਪੀਐੱਸ ਅਧਿਕਾਰੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ, ਜਿਸ ਨੂੰ ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਸੁਰੱਖਿਆ ਬਲ ਤੇ ਏਜੰਸੀਆਂ ਦੇ ਡਾਇਰੈਕਟਰ ਜਨਰਲ ਦੇ ਪੈਨਲ ਵਿੱਚ ਪੰਜਾਬ ਕਾਡਰ ਦੇ ਸਾਲ 1992 ਬੈਚ ਦੇ ਆਈਪੀਐੱਸ ਅਧਿਕਾਰੀ ਗੌਰਵ ਯਾਦਵ ਤੋਂ ਇਲਾਵਾ ਏਜੀਐੱਮਯੂਟੀ ਕਾਡਰ ਦੇ ਸਾਲ 1991 ਬੈੱਚ ਦੇ ਅਧਿਕਾਰੀ ਨੁਜ਼ਤ ਹਸਨ, ਆਂਧਰਾ ਪ੍ਰਦੇਸ਼ ਕਾਡਰ ਦੇ ਸਾਲ 1989 ਬੈਚ ਦੇ ਅਧਿਕਾਰੀ ਚੌਧਰੀ ਡੀ. ਤਿਰੁਮਾਲਾ ਰਾਓ, ਯੂਪੀ ਕਾਡਰ ਦੇ ਸਾਲ 1989 ਬੈਚ ਦੇ ਅਧਿਕਾਰੀ ਆਦਿਤਿਆ ਮਿਸ਼ਰਾ ਅਤੇ ਏਐੱਮ ਕਾਡਰ ਦੇ ਸਾਲ 1992 ਬੈਚ ਦੇ ਅਧਿਕਾਰੀ ਇਦਸ਼ਿਸ਼ਾ ਨੌਂਗਰਾਂਗ ਦੇ ਨਾਮ ਸ਼ਾਮਲ ਹਨ। ਪੰਜਾਬ ਸਰਕਾਰ ਨੇ ਸਾਲ 2022 ਵਿੱਚ ਸੂਬੇ ਦੇ ਕਈ ਆਈਪੀਐੱਸ ਅਧਿਕਾਰੀਆਂ ਨੂੰ ਛੱਡ ਕੇ ਗੌਰਵ ਯਾਦਵ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ ਸੀ। ਹੁਣ ਗੌਰਵ ਯਾਦਵ ਦਾ ਨਾਮ ਪੈਨਲ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੇ ਮੁੜ ਸੂਬਾ ਤੇ ਕੇਂਦਰ ਸਰਕਾਰ ਵਿੱਚ ਸਿਖਰਲੇ ਅਹੁਦਿਆਂ ਲਈ ਕਈ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।