For the best experience, open
https://m.punjabitribuneonline.com
on your mobile browser.
Advertisement

ਦੇਸ਼ ਦਾ ਗੌਰਵ ਭਾਖੜਾ ਡੈਮ

11:04 AM Oct 19, 2023 IST
ਦੇਸ਼ ਦਾ ਗੌਰਵ ਭਾਖੜਾ ਡੈਮ
Advertisement

ਕੁਲਦੀਪ ਚੰਦ ਦੋਭੇਟਾ

Advertisement

ਭਾਰਤ ਦਾ ਗੌਰਵ ਮੰਨੇ ਜਾਂਦੇ ਅਤੇ ਉੱਤਰੀ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਭਾਖੜਾ ਬੰਨ੍ਹ ਦੇਸ਼ ਦਾ ਦੂਜਾ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ ਪ੍ਰਦਾਨ ਕਰਦਾ ਹੈ। ਇਹ ਇੱਕ ਸੈਰ ਸਪਾਟਾ ਸਥਾਨ ਵੀ ਬਣਦਾ ਜਾ ਰਿਹਾ ਹੈ ਜਿੱਥੇ ਹਰ ਸਾਲ ਲਗਭਗ ਪੰਜ ਲੱਖ ਸੈਲਾਨੀ ਇਸ ਨੂੰ ਵੇਖਣ ਲਈ ਪਹੁੰਚਦੇ ਹਨ। ਪਿਛਲੇ ਕਈ ਸਾਲਾਂ ਤੋਂ ਸੁਰੱਖਿਆ ਕਾਰਨਾਂ ਕਰਕੇ ਡੈਮ ਦੇ ਅੰਦਰ ਜਾਣ ਦੀ ਮਨਾਹੀ ਹੈ ਅਤੇ ਇੱਥੇ ਜਾਣ ਲਈ ਸਵੇਰੇ 8 ਵਜੇ ਤੋਂ ਲੈਕੇ ਦੁਪਹਿਰ 3 ਵਜੇ ਤੱਕ ਹੀ ਲੋਕ ਸੰਪਰਕ ਵਿਭਾਗ ਤੋਂ ਪਾਸ ਬਣਦੇ ਹਨ। ਭਾਖੜਾ ਡੈਮ ਸਤਲੁਜ ਦਰਿਆ ਦੇ ਪਾਰ ਇੱਕ ਕੰਕਰੀਟ ਗਰੈਵਿਟੀ ਡੈਮ ਹੈ। ਇਹ ਡੈਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਭਾਖੜਾ ਪਿੰਡ ਵਿੱਚ ਸਥਿਤ ਹੈ ਜੋ ਕਿ ਨੰਗਲ ਟਾਊਨਸ਼ਿਪ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ’ਤੇ ਹੈ। ਭਾਰਤ ਵਿੱਚ ਟੀਹਰੀ ਡੈਮ ਤੋਂ ਬਾਅਦ 740 ਫੁੱਟ ਉੱਚਾਈ ’ਤੇ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ। ਪਾਣੀ ਦੀ ਭੰਡਾਰਨ ਸਮਰੱਥਾ ਦੇ ਮਾਮਲੇ ਵਿੱਚ ਇਹ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਭੰਡਾਰ ਹੈ। ਇਸ ਡੈਮ ਦੇ ਕਨਿਾਰਿਆਂ ’ਤੇ ਬਿਜਲੀ ਪੈਦਾ ਕਰਨ ਲਈ ਦੋ ਬਿਜਲੀਘਰ ਬਣੇ ਹੋਏ ਹਨ। ਇਨ੍ਹਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਭਾਖੜਾ ਦੇ ਸੱਜੇ ਬੈਂਕ ਪਾਵਰ ਹਾਊਸ ਦੀ ਸਥਾਪਿਤ ਸਮਰੱਥਾ 785 ਮੈਗਾਵਾਟ ਅਤੇ ਖੱਬੇ ਬੈਂਕ ਪਾਵਰ ਹਾਊਸ ਦੀ ਸਮਰੱਥਾ 594 ਮੈਗਾਵਾਟ ਹੈ। ਇੱਥੇ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਇਹ ਗਰੈਵਿਟੀ ਕਮ ਕੰਕਰੀਟ ਡੈਮ ਹੈ ਜਿਸ ਵਿੱਚ 8212 ਕਿਊਜ਼ਿਕ ਦੀ ਡਿਜ਼ਾਈਨ ਕੀਤੀ ਸਪਿਲਵੇਅ ਸਮਰੱਥਾ ਵਾਲੇ ਚਾਰ ਸਪਿਲਵੇ ਰੇਡੀਅਲ ਗੇਟ ਹਨ। ਭਾਖੜਾ ਤੋਂ ਲਗਭਗ 13 ਕਿਲੋਮੀਟਰ ਦੂਰੀ ’ਤੇ ਨੰਗਲ ਡੈਮ ਵੀ ਹੈ ਜਿਸ ਦੀ ਉਚਾਈ ਲਗਭਗ 95 ਫੁੱਟ ਹੈ। ਇਸ ਕਰਕੇ ਦੋਵੇਂ ਡੈਮਾਂ ਨੂੰ ਭਾਖੜਾ-ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ਵਿੱਚ ਸੰਭਾਲੇ ਪਾਣੀ ਵਿੱਚੋਂ ਦੋ ਨਹਿਰਾਂ ਨਿਕਲਦੀਆਂ ਹਨ ਜੋ ਅੱਗੇ ਜਾ ਕੇ ਵੱਖ ਵੱਖ ਖੇਤਰਾਂ ਵਿੱਚ ਪਾਣੀ ਦੀ ਪੂਰਤੀ ਕਰਦੀਆਂ ਹਨ। ਭਾਖੜਾ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ। ਇਸ ਪ੍ਰੋਜੈਕਟ ਨੂੰ ਬਣਾਉਣ ਦਾ ਖ਼ਿਆਲ ਬੇਸ਼ੱਕ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਆਇਆ ਸੀ ਪਰ ਇਸ ਪ੍ਰੋਜੈਕਟ ਤਹਿਤ ਨਿਰਮਾਣ ਆਜ਼ਾਦੀ ਮਿਲਣ ਮਗਰੋਂ ਹੀ ਸ਼ੁਰੂ ਹੋਇਆ। ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਭਾਖੜਾ ਡੈਮ ਪ੍ਰੋਜੈਕਟ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸਰ ਲੂਈ ਡੈਨੇ ਨੇ 8 ਨਵੰਬਰ 1908 ਨੂੰ ਦਿੱਤਾ ਸੀ ਅਤੇ ਇਸ ਸਬੰਧੀ ਵਿਸਥਾਰ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। ਸਾਲ 1920 ਤੋਂ ਲੈ ਕੇ 1938 ਤੱਕ ਇਸ ਸਬੰਧੀ ਵੱਖ ਵੱਖ ਤਰ੍ਹਾਂ ਦੇ ਸਰਵੇਖਣ ਹੋਏ ਅਤੇ 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ। ਸ਼ੁਰੂ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ਼ ਸਿੰਚਾਈ ਲਈ ਪਾਣੀ ਇਕੱਠਾ ਕਰਨਾ ਸੀ ਅਤੇ ਇਸ ਪ੍ਰੋਜੈਕਟ ਵਿੱਚ ਭਾਖੜਾ ਬੰਨ੍ਹ, ਅਪਰ ਸਰਹਿੰਦ ਨਹਿਰ, ਹੇਠਲੀ ਸਰਹਿੰਦ ਨਹਿਰ ਅਤੇ ਪੱਛਮੀ ਯਮੁਨਾ ਨਹਿਰ ਦਾ ਵਿਸਥਾਰ ਸ਼ਾਮਿਲ ਸਨ। ਉਸ ਵੇਲੇ ਪ੍ਰਸਤਾਵਿਤ ਭਾਖੜਾ ਬੰਨ੍ਹ ਦੀ ਉਚਾਈ 395 ਫੁੱਟ ਹੋਣੀ ਸੀ ਅਤੇ ਵੱਧ ਤੋਂ ਵੱਧ 2.58 ਮਿਲੀਅਨ ਏਕੜ ਫੁੱਟ ਪਾਣੀ ਭੰਡਾਰਨ ਦੀ ਵਿਵਸਥਾ ਹੋਣੀ ਸੀ। ਇਸ ਪ੍ਰੋਜੈਕਟ ਨੂੰ ਬਣਾਉਣ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਵੀ ਮੁੱਖ ਭੂਮਿਕਾ ਰਹੀ ਹੈ। ਡਾਕਟਰ ਅੰਬੇਡਕਰ ਦਾਮੋਦਰ ਵੈਲੀ ਪ੍ਰੋਜੈਕਟ, ਭਾਖੜਾ-ਨੰਗਲ ਡੈਮ ਪ੍ਰੋਜੈਕਟ, ਸੋਨ ਰਿਵਰ ਵੈਲੀ ਪ੍ਰੋਜੈਕਟ ਅਤੇ ਹੀਰਾਕੁੰਡ ਡੈਮ ਪ੍ਰੋਜੈਕਟ ਦੇ ਨਿਰਮਾਤਾ ਸਨ। ਭਾਰਤ ਵਿੱਚ ਸਿੰਚਾਈ ਦੇ ਵਿਕਾਸ ਲਈ ਡਾਕਟਰ ਅੰਬੇਡਕਰ ਦਾ ਦ੍ਰਿਸ਼ਟੀਕੋਣ ਅਤੇ ਹਮਾਇਤ ਉਨ੍ਹਾਂ ਦੇ ਵਿਸ਼ਵਾਸ ’ਤੇ ਅਧਾਰਤ ਸੀ ਕਿ ਪਾਣੀ ਤੱਕ ਪਹੁੰਚ ਇੱਕ ਬੁਨਿਆਦੀ ਅਧਿਕਾਰ ਹੈ ਜੋ ਸਾਰੇ ਨਾਗਰਿਕਾਂ ਲਈ ਉਪਲਬਧ ਹੋਣਾ ਚਾਹੀਦਾ ਹੈ। ਡਾਕਟਰ ਅੰਬੇਡਕਰ ਨੇ ਇਹ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਕਿ ਪਾਣੀ ਅਤੇ ਬਿਜਲੀ ਦੇ ਸਰੋਤਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਨਾਲ ਵਿਕਸਤ ਕੀਤਾ ਜਾਵੇ। 1942 ਤੋਂ 1946 ਤੱਕ ਸਿੰਚਾਈ ਅਤੇ ਬਿਜਲੀ ਵਿਭਾਗ ਦੇ ਇੰਚਾਰਜ ਮੈਂਬਰ ਹੁੰਦਿਆਂ ਡਾ. ਅੰਬੇਡਕਰ ਨੇ ਭਾਖੜਾ ਡੈਮ ਪ੍ਰੋਜੈਕਟ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ ਸਨ। ਬਾਬਾ ਸਾਹਿਬ ਵਜੋਂ ਜਾਣੇ ਜਾਂਦੇ ਇਸ ਆਗੂ ਨੇ 1942-46 ਦੌਰਾਨ ਦੇਸ਼ ਦੇ ਜਲ ਸਰੋਤਾਂ ਦੀ ਵਰਤੋਂ ਹਰ ਕਿਸੇ ਦੇ ਬਿਹਤਰੀਨ ਲਾਭ ਲਈ ਕਰਦਿਆਂ ਨਵੀਂ ਜਲ ਅਤੇ ਬਿਜਲੀ ਨੀਤੀ ਤਿਆਰ ਕੀਤੀ ਅਤੇ ਅਮਰੀਕਾ ਦੀ ਟੇਨੇਸੀ ਵੈਲੀ ਯੋਜਨਾ ਇਸ ਦੀ ਨਕਲ ਕਰਨ ਲਈ ਆਦਰਸ਼ ਮਾਡਲ ਸੀ। ਡਾਕਟਰ ਅੰਬੇਡਕਰ ਨੇ ਭਾਰਤ ਵਿੱਚ ਬਹੁ-ਉਦੇਸ਼ੀ ਦਰਿਆ ਘਾਟੀ ਪ੍ਰੋਜੈਕਟਾਂ ਅਤੇ ਵੱਡੇ ਡੈਮ ਤਕਨਾਲੋਜੀਆਂ ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਖੜਾ-ਨੰਗਲ ਡੈਮ ਭਾਰਤ ਦਾ ਸਭ ਤੋਂ ਵੱਡਾ ਬਹੁਉਦੇਸ਼ੀ ਦਰਿਆ ਘਾਟੀ ਪ੍ਰੋਜੈਕਟ ਹੈ। ਸਾਲ 2016 ਵਿੱਚ ਭਾਰਤ ਸਰਕਾਰ ਨੇ ਐਲਾਨ ਕੀਤਾ ਕਿ 14 ਅਪਰੈਲ ਨੂੰ ਡਾਕਟਰ ਅੰਬੇਡਕਰ ਦਾ ਜਨਮ ਦਿਨ ਦੇਸ਼ ਵਿੱਚ ‘ਜਲ ਦਿਵਸ’ ਵਜੋਂ ਮਨਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਜਲ ਸਰੋਤਾਂ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਹੋਰ ਜਾਣੂੰ ਕਰਵਾਇਆ ਜਾ ਸਕੇ।
ਗ਼ੌਰਤਲਬ ਹੈ ਕਿ 1944 ਵਿੱਚ ਅਮਰੀਕਾ ਦੇ ਬਿਓਰੋ ਫਾਰ ਰੈਕਲੇਮੇਸ਼ਨ ਦੇ ਚੀਫ਼ ਇੰਜੀਨੀਅਰ ਡਾਕਟਰ ਜੇ.ਐਲ. ਸੈਵੇਜ ਨੇ 1600 ਫੁੱਟ ਉਚਾਈ ਤੱਕ ਪਾਣੀ ਭੰਡਾਰਣ ਦੀ ਸਮਰੱਥਾ ਵਾਲਾ ਡੈਮ ਬਣਾਉਣ ਦਾ ਸੁਝਾਅ ਦਿੱਤਾ ਸੀ। ਯੂ.ਐੱਸ.ਏ. ਦੀ ਅੰਤਰਰਾਸ਼ਟਰੀ ਡੈਨਵਰ ਨਾਂ ਦੀ ਕੰਪਨੀ ਨੇ ਇਹ ਉਚਾਈ 1580 ਫੁੱਟ ਰੱਖਣ ਦੀ ਤਜਵੀਜ਼ ਰੱਖੀ ਜਿਸ ਦਾ ਮੁੱਖ ਕਾਰਨ ਇਹ ਸੀ ਕਿ ਉਚਾਈ ਵਧਾਉਣ ਨਾਲ ਰਾਜਾ ਬਿਲਾਸਪੁਰ ਦੇ ਮਹਿਲ ਅਤੇ ਕੁਝ ਮੰਦਿਰ ਡੈਮ ਦੀ ਝੀਲ ਵਿੱਚ ਡੁਬਦੇ ਸਨ ਅਤੇ ਬਿਲਾਸਪੁਰ ਦੇ ਰਾਜੇ ਨੇ ਇਸ ਸਬੰਧੀ ਇਤਰਾਜ਼ ਕੀਤਾ ਸੀ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਇਸ ਮਾਮਲੇ ਵਿੱਚ ਨਿੱਜੀ ਤੌਰ ’ਤੇ ਦਖ਼ਲ ਦੇਣ ਤੋਂ ਬਾਅਦ ਬਿਲਾਸਪੁਰ ਦੇ ਰਾਜੇ ਨੇ ਆਪਣੇ ਇਤਰਾਜ਼ ਵਾਪਸ ਲੈ ਲਏ ਅਤੇ ਡੈਮ ਦੇ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਤੱਕ ਰੱਖਿਆ ਗਿਆ। 1948 ਤੋਂ 1951 ਦੌਰਾਨ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈਐਨਸੀ ਯੂਐੱਸਏ ਦਰਮਿਆਨ 14 ਨਵੰਬਰ 1948 ਨੂੰ ਹੋਏ ਸਮਝੋਤੇ ਅਨੁਸਾਰ ਇਸ ਪ੍ਰੋਜੈਕਟ ਸਬੰਧੀ ਦਸਤਾਵੇਜ਼ ਅਤੇ ਡਿਜ਼ਾਈਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੌਂਪੇ ਗਏ। ਅਪਰੈਲ 1952 ਵਿੱਚ ਐਮ ਹਾਰਵੇ ਸਲੋਕਮ ਅਮਰੀਕਾ ਤੋਂ ਆਪਣੇ ਤਕਨੀਕੀ ਮਾਹਿਰਾਂ ਅਤੇ ਇੰਜੀਨੀਅਰਾਂ ਦੀ ਟੀਮ ਨਾਲ ਆਇਆ ਅਤੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ। ਇਸ ਪ੍ਰੋਜੈਕਟ ਦੇ ਨਿਰੀਖਣ ਅਤੇ ਪ੍ਰਗਤੀ ਸਬੰਧੀ ਭਾਖੜਾ ਨਿਯੰਤਰਣ ਬੋਰਡ ਬਣਾਇਆ ਗਿਆ ਜਿਸ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਰਾਜਸਥਾਨ ਅਤੇ ਪੈਪਸੂ ਦੇ ਪ੍ਰਤੀਨਿਧੀ ਸ਼ਾਮਿਲ ਸਨ। ਇਸ ਵਿੱਚ ਪੰਜਾਬ ਦੇ ਰਾਜਪਾਲ ਨੂੰ ਕਮੇਟੀ ਦਾ ਚੇਅਰਮੈਨ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਸਕੱਤਰ ਨੂੰ ਉਪ-ਚੇਅਰਮੈਨ, ਕੇਂਦਰੀ ਜਲ ਤੇ ਊਰਜਾ ਆਯੋਗ ਦੇ ਚੇਅਰਮੈਨ ਨੂੰ ਮੈਂਬਰ, ਵੱਖ ਵੱਖ ਰਾਜ ਸਰਕਾਰਾਂ ਦੇ ਸਿੰਚਾਈ ਵਿਭਾਗ ਦੇ ਸਕੱਤਰਾਂ ਅਤੇ ਊਰਜਾ ਵਿਭਾਗ ਦੇ ਇੰਚਾਰਜਾਂ ਨੂੰ ਵਿੱਤੀ ਮੈਂਬਰ, ਭਾਖੜਾ ਡੈਮ ਦੇ ਨਿਰਮਾਣ ਵਿੱਚ ਲੱਗੇ ਸਾਰੇ ਮੁੱਖ ਇੰਜੀਨੀਅਰਾਂ ਨੂੰ ਮੈਂਬਰ ਅਤੇ ਵਿੱਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੂੰ ਮੈਂਬਰ ਬਣਾਇਆ ਗਿਆ। ਸਾਲ 1952 ਵਿੱਚ ਡਾਕਟਰ ਏ.ਐੱਨ. ਖੋਸਲਾ ਦੀ ਚੇਅਰਮੈਨਸ਼ਿਪ ਅਧੀਨ ਬੋਰਡ ਆਫ ਕਾਂਸਿਉਲੇਟਸ ਦੀ ਸਥਾਪਨਾ ਵੀ ਕੀਤੀ ਗਈ। 18 ਨਵੰਬਰ 1955 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਕੰਕਰੀਟ ਦੀ ਪਹਿਲੀ ਟੋਕਰੀ ਪਾ ਕੇ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਮੁੱਖ ਤੌਰ ’ਤੇ ਭਾਖੜਾ ਬੰਨ੍ਹ ਅਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ੍ਹ, ਨੰਗਲ ਹਾਈਡਲ ਚੈਨਲ, ਗੰਗੂਵਾਲ ਅਤੇ ਕੋਟਲਾ ਪਾਵਰ ਹਾਊਸਿਜ਼, ਰੋਪੜ ਹੈੱਡਵਰਕਸ ਦਾ ਪੁਨਰ-ਨਿਰਮਾਣ, ਸਰਹਿੰਦ ਨਹਿਰ ਦਾ ਪੁਨਰ-ਨਿਰਮਾਣ, ਭਾਖੜਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ, ਭਾਖੜਾ-ਨੰਗਲ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। ਭਾਖੜਾ ਬੰਨ੍ਹ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬ ਮੀਨਾਰ ਦੀ ਉਚਾਈ ਤੋਂ ਤਿੱਗਣੀ ਹੈ। ਇਸ ਡੈਮ ਦੀ ਉਸਾਰੀ ਲਈ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਤੋਂ ਇਲਾਵਾ ਲਗਭਗ 13000 ਕਾਮੇ, 300 ਇੰਜੀਨੀਅਰ, 30 ਅਮਰੀਕੀ ਮਾਹਿਰ ਲਗਾਏ ਗਏ ਜਨਿ੍ਹਾਂ ਨੇ ਦਿਨ-ਰਾਤ ਕੰਮ ਕੀਤਾ। ਭਾਖੜਾ ਬੰਨ੍ਹ ਦੇ ਨਿਰਮਾਣ ਵਿੱਚ ਵਰਤੀ ਗਈ ਸੀਮੇਂਟ, ਕੰਕਰੀਟ ਦੀ ਮਾਤਰਾ ਧਰਤੀ ਦੇ ਭੂ-ਮੱਧ ਰੇਖਾ ’ਤੇ 2.44 ਮੀਟਰ ਚੌੜੀ ਸੜਕ ਬਣਾਉਣ ਵਿੱਚ ਸਮਰੱਥ ਸੀ। ਇਸ ਦੇ ਨਿਰਮਾਣ ਵਿੱਚ ਕੁੱਲ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ। ਇੰਜੀਨੀਅਰਾਂ ਦੀ ਤਕਨੀਕ ਦਾ ਹੀ ਕਮਾਲ ਹੈ ਕਿ ਭਾਖੜਾ ਬੰਨ੍ਹ ਵਿੱਚ ਲਚਕ ਰੱਖੀ ਗਈ ਹੈ ਜਿਸ ਨਾਲ ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ’ਤੇ ਬੰਨ੍ਹ ਦੋ ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ ਅਤੇ ਪਾਣੀ ਦਾ ਪੱਧਰ ਘਟਣ ਮਗਰੋਂ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 10 ਵਾਰ ਦੌਰਾ ਕੀਤਾ। ਵਰਣਨਯੋਗ ਹੈ ਕਿ ਉਨ੍ਹਾਂ ਨੇ ਇਸ ਪਰਿਯੋਜਨਾ ਦੇ ਸਥਾਨ ’ਤੇ ਹੀ ਪੰਚਸ਼ੀਲ ਸਮਝੌਤੇ ’ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਨਾਲ ਗੱਲਬਾਤ ਕੀਤੀ ਸੀ। ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨ ਜਿਵੇਂ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਰ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ਼ ਟੀਟੋ, ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ, ਉੱਤਰੀ ਵੀਅਤਨਾਮ ਦੇ ਰਾਸ਼ਟਰਪਤੀ ਹੋ ਚੀ ਮਿੰਨ੍ਹ, ਇੰਗਲੈਂਡ ਦੇ ਪ੍ਰਧਾਨ ਮੰਤਰੀ ਕਲੀਮੈਂਟ ਐਂਟਲੀ, ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਖੁਰਸ਼ਚੇਵ, ਸੋਵੀਅਤ ਰੂਸ ਦੇ ਪ੍ਰਿੰਸ ਫਿਲਿਪ ਡਿਊਕ ਆਫ ਐਡਨਬਰਾ, ਦਲਾਈਲਾਮਾ, ਪੰਚਨਲਾਮਾ, ਇਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਆਦਿ ਇਸ ਸਥਾਨ ਦਾ ਦੌਰਾ ਕਰ ਚੁੱਕੇ ਹਨ। ਭਾਖੜਾ ਬੰਨ੍ਹ ਦੇ ਪਿੱਛੇ ਬਣੀ ਝੀਲ ਦਾ ਨਾਮ ਗੋਬਿੰਦ ਸਾਗਰ ਝੀਲ ਰੱਖਿਆ ਗਿਆ ਹੈ। ਸਤਲੁਜ ਦਰਿਆ ਦੀ ਲੰਬਾਈ ਲਗਭਗ 1536 ਕਿਲੋਮੀਟਰ ਹੈ ਅਤੇ ਇਸ ਦਾ ਲਗਭਗ 75369 ਵਰਗ ਕਿਲੋਮੀਟਰ ਖੇਤਰ ਹੈ। ਸਤਲੁਜ ਦਰਿਆ ਦੀਆਂ ਅੱਠ ਵੱਡੀਆਂ ਸਹਾਇਕ ਨਦੀਆਂ ਹਨ। ਸਭ ਤੋਂ ਵੱਡੀ ਸਹਾਇਕ ਨਦੀ ਬਿਆਸ ਦਰਿਆ ਹੈ ਜੋ 464 ਕਿਲੋਮੀਟਰ ਲੰਮਾ ਹੈ ਅਤੇ 9920 ਕਿਲੋਮੀਟਰ ਦੇ ਜਲ ਗ੍ਰਹਿਣ ਖੇਤਰ ਦੇ ਨਾਲ ਹੈ। ਸਤਲੁਜ ਦਰਿਆ ਮਾਨਸਰੋਵਰ ਨੇੜੇ ਭਾਰਤ ਵਿੱਚ ਦਾਖਲ ਹੁੰਦਾ ਹੈ ਅਤੇ ਉੱਤਰ ਪੱਛਮ ਵੱਲ ਵਗਦਾ ਹੈ। ਇਹ ਗੋਬਿੰਦ ਸਾਗਰ ਝੀਲ ਤੱਕ ਵਹਿੰਦਾ ਹੈ ਜਿਸ ਉੱਤੇ ਭਾਖੜਾ ਡੈਮ ਬਣਿਆ ਹੋਇਆ ਹੈ। ਭਾਖੜਾ ਡੈਮ ਪਿੱਛੇ ਝੀਲ 96.56 ਕਿਲੋਮੀਟਰ ਲੰਬੀ ਅਤੇ 168.35 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਹੈ। ਬੰਨ੍ਹ ਤੱਕ ਸਤਲੁਜ ਦਰਿਆ ਦਾ ਕੁੱਲ ਕੈਚਮੈਂਟ ਏਰੀਆ 56980 ਵਰਗ ਕਿਲੋਮੀਟਰ ਹੈ ਜਿਸ ਵਿੱਚ 37050 ਵਰਗ ਕਿਲੋਮੀਟਰ ਖੇਤਰ ਤਿੱਬਤ ਅਤੇ ਬਾਕੀ 19930 ਵਰਗ ਕਿਲੋਮੀਟਰ ਭਾਰਤ ਵਿੱਚ ਹੈ। ਗਰਮੀਆਂ ਦੇ ਮੌਸਮ ਵਿੱਚ ਮਾਨ ਸਰੋਵਰ ਝੀਲ ਅਤੇ ਰਸਤੇ ਦੀ ਬਰਫ਼ ਦਾ ਪਿਘਲਿਆ ਹੋਇਆ ਪਾਣੀ ਅਤੇ ਬਾਰਿਸ਼ ਦੀ ਰੁੱਤ ਵਿੱਚ ਕੈਚਮੈਂਟ ਏਰੀਆ ਤੋਂ ਆਉਣ ਵਾਲਾ ਵਰਖਾ ਦਾ ਪਾਣੀ ਬੰਨ੍ਹ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਸ ਬੰਨ੍ਹ ਵਿੱਚ 50 ਤੋਂ 60 ਫ਼ੀਸਦੀ ਪਾਣੀ ਬਰਫ਼ ਦੇ ਪਿਘਲਣ ਕਾਰਨ ਅਤੇ ਬਾਕੀ ਮੀਂਹ ਤੋਂ ਆਉਂਦਾ ਹੈ। ਝੀਲ ਵਿੱਚ 1680 ਫੁੱਟ ਤੱਕ 93400 ਲੱਖ ਘਣਮੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ। ਝੀਲ ਵਿੱਚ ਬਰਸਾਤ ਦੇ ਦਿਨਾਂ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਪਾਣੀ ਦੀ ਬਦੌਲਤ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਇਲਾਕਿਆਂ ਨੂੰ ਹੜ੍ਹ ਤੋਂ ਰਾਹਤ ਮਿਲਦੀ ਹੈ। ਇਸ ਝੀਲ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 65 ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੁੰਦੀ ਹੈ। ਇਸ ਤੋਂ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਦੇ ਮੁੱਖ ਸ਼ਹਿਰਾਂ ਦੇ ਲਈ ਪੀਣ ਦੇ ਪਾਣੀ ਦੀ ਪੂਰਤੀ ਵੀ ਕੀਤੀ ਜਾਂਦੀ ਹੈ। ਭਾਖੜਾ ਡੈਮ ਤੋਂ ਬਾਅਦ ਨੰਗਲ ਡੈਮ ਬਣਾਇਆ ਗਿਆ ਜਿਸ ਵਿੱਚ ਭਾਖੜਾ ਡੈਮ ਤੋਂ ਆਉਣ ਵਾਲੇ ਪਾਣੀ ਨੂੰ ਰੋਕ ਕੇ ਅੱਗੇ ਵੱਖ ਵੱਖ ਨਹਿਰਾਂ ਵਿੱਚ ਛੱਡਿਆ ਜਾਂਦਾ ਹੈ। ਭਾਖੜਾ ਬੰਨ੍ਹ ਕਾਰਨ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਸੁਪਨਾ ਸਾਕਾਰ ਹੋ ਸਕਿਆ। ਲਗਭਗ 283.90 ਕਰੋੜ ਰੁਪਏ ਦੀ ਲਾਗਤ ਨਾਲ 1962 ਵਿੱਚ ਬਣ ਕੇ ਤਿਆਰ ਹੋਇਆ ਇਹ ਬੰਨ੍ਹ ਉਸ ਵੇਲੇ ਏਸ਼ੀਆ ਵਿੱਚ ਸਭ ਤੋਂ ਉੱਚਾ ਅਤੇ ਵਿਸ਼ਵ ਵਿੱਚ ਦੂਜੇ ਨੰਬਰ ’ਤੇ ਸੀ। ਭਾਖੜਾ ਡੈਮ ਦੇ ਦੋਵੇਂ ਪਾਸੇ ਪਾਵਰ ਪਲਾਂਟ ਬਣਾਏ ਗਏ ਹਨ ਜਿੱਥੇ ਟਰਬਾਈਨਾਂ ਰਾਹੀਂ ਬਿਜਲੀ ਪੈਦਾ ਕਰ ਕੇ ਦੇਸ਼ ਦੇ ਵੱਖ-ਵੱਖ ਭਾਗਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਬਿਜਲੀ ਉਦਪਾਦਨ ਕੇਂਦਰੀ ਬਿਜਲੀ ਅਥਾਰਟੀ ਦੁਆਰਾ ਨਿਰਧਾਰਤ ਟੀਚਿਆਂ ਤੋਂ ਲਗਾਤਾਰ ਵਧ ਰਿਹਾ ਹੈ। 22 ਅਕਤੂਬਰ 1963 ਨੂੰ ਸ੍ਰੀ ਜਵਾਹਰਲਾਲ ਨਹਿਰੂ ਨੇ ਇਹ ਡੈਮ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਕਿਹਾ ਸੀ ਕਿ ਭਾਖੜਾ ਨੰਗਲ ਪ੍ਰੋਜੈਕਟ ਕੁਝ ਹੈਰਾਨੀਜਨਕ ਹੈ, ਕੁਝ ਚਮਤਕਾਰੀ ਹੈ, ਕੁਝ ਅਜਿਹਾ ਹੈ ਜਿਸ ਨੂੰ ਵੇਖ ਕੇ ਤੁਹਾਡੇ ਦਿਲ ਵਿੱਚ ਤੂਫ਼ਾਨ ਉੱਠਦਾ ਹੈ। ਸਾਲ 2013 ਵਿੱਚ ਗੋਲਡਨ ਜੁਬਲੀ ਮੌਕੇ ਹੋਏ ਸਮਾਗਮ ਵਿੱਚ ਕੇਂਦਰ ਅਤੇ ਵੱਖ-ਵੱਖ ਹਿੱਸੇਦਾਰ ਸੂਬਿਆਂ ਦੇ ਆਗੂਆਂ ਨੇ ਇਸ ਡੈਮ ਅਤੇ ਇਲਾਕੇ ਦੇ ਵਿਕਾਸ ਲਈ ਐਲਾਨ ਕੀਤੇ ਸਨ, ਪਰ ਇਲਾਕੇ ’ਚ ਆ ਰਿਹਾ ਨਿਘਾਰ ਉਨ੍ਹਾਂ ਐਲਾਨਾਂ ਦੀ ਪੋਲ ਖੋਲ੍ਹਦਾ ਹੈ। ਸਰਕਾਰਾਂ ਦੀ ਲਾਪਰਵਾਹੀ ਅਤੇ ਕੁਝ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਇਸ ਡੈਮ ਦੀ ਤਰੱਕੀ ਲਈ ਕੋਈ ਠੋਸ ਯੋਜਨਾ ਲਾਗੂ ਨਹੀਂ ਹੋਈ ਅਤੇ ਇਸ ਡੈਮ ਸਦਕਾ ਵਸਿਆ ਨੰਗਲ ਸ਼ਹਿਰ ਉੱਜੜ ਰਿਹਾ ਹੈ, ਡੈਮ ’ਤੇ ਜਾਣ ਵਾਲੇ ਰਸਤਿਆਂ ਦੀ ਹਾਲਤ ਖਸਤਾ ਹੋ ਰਹੀ ਹੈ। ਕੇਂਦਰ ਸਰਕਾਰ ਅਧੀਨ ਚੱਲ ਰਹੇ ਇਸ ਅਦਾਰੇ ਨੂੰ ਹੋਰ ਵਿਕਸਿਤ ਕਰਨ ਲਈ ਠੋਸ ਯੋਜਨਾ ਬਣਾਕੇ ਅਮਲੀ ਜਾਮਾ ਪਹਨਿਾਉਣ ਦੀ ਜ਼ਰੂਰਤ ਹੈ।

ਸੰਪਰਕ: 94175-63054

Advertisement
Author Image

sukhwinder singh

View all posts

Advertisement
Advertisement
×