ਗੁੱਜਰਾਂ ਦੇ ਪਸ਼ੂਆਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਦੀ ਇਕੱਤਰਤਾ
ਪੱਤਰ ਪ੍ਰੇਰਕ
ਜਲੰਧਰ, 23 ਸਤੰਬਰ
ਇਲਾਕੇ ਦੇ ਗੁੱਜਰਾਂ ਤੋਂ ਪ੍ਰੇਸ਼ਾਨ ਪਿੰਡ ਡਰੋਲੀ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਢੰਡੋਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਨਿੱਕਾ, ਹਰਪਾਲ ਸਿੰਘ ਬੱਲ, ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਅਤੇ ਸਰਪੰਚ ਡਰੋਲੀ ਕਲਾਂ ਰਛਪਾਲ ਸਿੰਘ ਸਣੇ ਪਿੰਡ ਵਾਸੀਆਂ ਵੱਲੋਂ ਇਕੱਠ ਕੀਤਾ ਗਿਆ।
ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਹਲਕੇ ਦੇ ਪਿੰਡ ਡਰੋਲੀ ਕਲਾਂ, ਡਰੋਲੀ ਖੁਰਦ, ਘੁੜਿਆਲ, ਕਾਲਰਾ, ਮਾਣਕੋ, ਕੰਦੋਲਾ, ਪਧਿਆਣਾ, ਖਿਆਲਾ ਦੇ ਚੋਅ ਤੋਂ ਨਹਿਰ ਨੂੰ ਜਾਂਦੀ ਰੋਡ ਉੱਤੇ ਵੱਡੀ ਗਿਣਤੀ ਵਿੱਚ ਬੈਠੇ ਗੁੱਜਰਾਂ ਦੇ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ, ਨਹਿਰੀ ਅਤੇ ਜੰਗਲਾਤ ਵਿਭਾਗ ਸਣੇ ਵਾਤਾਵਰਨ ਦਾ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਸਬੰਧੀ ਡੀਸੀ ਜਲੰਧਰ ਨੂੰ ਸ਼ਿਕਾਇਤ ਕਰਨ ਉਪਰੰਤ ਗੁੱਜਰਾਂ ਨੂੰ ਸੜਕਾਂ ਕਿਨਾਰੇ ਮੱਝਾਂ, ਭੇਡਾਂ, ਬੱਕਰੀਆਂ ਆਦਿ ਪਸ਼ੂ ਚਰਾਉਣ ’ਤੇ ਸਰਕਾਰੀ ਤੌਰ ਉੱਤੇ ਪਾਬੰਦੀ ਲਗਾਈ ਗਈ ਸੀ ਪਰ ਅੱਜ ਵੀ ਗੁੱਜਰਾਂ ਵੱਲੋਂ ਡੀਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਸ ਮਾਮਲੇ ਸਬੰਧੀ ਗੁੱਜਰ ਭਾਈਚਾਰੇ ਵੱਲੋਂ ਬਣਾਈ ਕਮੇਟੀ ਤੇ ਪਿੰਡਾਂ ਦੇ ਸਰਪੰਚ ਦੀ ਅਗਵਾਈ ਹੇਠ ਕੀਤੇ ਲਿਖਤੀ ਫ਼ੈਸਲੇ ਮੁਤਾਬਕ ਗੁੱਜਰਾਂ ਦੇ ਡੇਰਿਆਂ ਵਿੱਚ ਜਾ ਕੇ ਭਾਰਤੀ ਕਿਸਾਨ ਯੂਨੀਅਨ ਮੈਂਬਰਾਂ ਵੱਲੋਂ ਤਾੜਨਾ ਕੀਤੀ ਕਿ ਪਸ਼ੂ ਬੰਨ੍ਹ ਕੇ ਰੱਖੇ ਜਾਣ ਤੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਰਾਸਤਿਆਂ ਉੱਤੇ ਕੀਤੇ ਕਬਜ਼ਿਆਂ ਨੂੰ ਜਲਦੀ ਹਟਾਇਆ ਜਾਵੇ ਨਹੀਂ।
ਇਸ ਮੌਕੇ ਕੁਲਦੀਪ ਸਿੰਘ, ਜਸਵਿੰਦਰ ਸਿੰਘ ਢੰਡੋਰ, ਮਨਜੀਤ ਸਿੰਘ ਡਮੁੰਡਾ, ਸਤਨਾਮ ਸਿੰਘ ਈਸ਼ਰਵਾਲ, ਲਖਵਿੰਦਰ ਸਿੰਘ ਸਣੇ ਪਿੰਡ ਵਾਸੀ ਹਾਜ਼ਰ ਹੋਏ।