ਰਾਸ਼ਨ ਕਾਰਡ ਕੱਟਣ ਵਿਰੁੱਧ ਮੱਲ੍ਹਾ ਦੀ ਪੰਚਾਇਤ ਦੀ ਇਕੱਤਰਤਾ
ਪੱਤਰ ਪ੍ਰੇਰਕ
ਜਗਰਾਉਂ, 27 ਜੂਨ
ਹਲਕੇ ਦੇ ਪਿੰਡ ਮੱਲ੍ਹਾ ‘ਚ ਲੋੜਵੰਦ ਪਰਿਵਾਰਾਂ ਦੇ ਆਟਾ-ਦਾਲ ਸਕੀਮ ਦੇ ਕਾਰਡ ਕੱਟਣ ਖ਼ਿਲਾਫ਼ ਪਿੰਡ ਵਾਸੀਆਂ ‘ਚ ਭਾਰੀ ਰੋਸ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਇੱਕ ਵੱਡਾ ਇਕੱਠ ਪਿੰਡ ਦੇ ਸਰਪੰਚ ਹਰਬੰਸ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿੱਚ ਹੋਇਆ ਅਤੇ ਸਰਕਾਰੀ ਤੰਤਰ ਨੂੰ ਇਸ ਸਬੰਧੀ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਹਰਬੰਸ ਸਿੰਘ ਢਿੱਲੋਂ ਅਤੇ ਪੰਚ ਸੁਖਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਆਖਿਆ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਧਿਰ ‘ਆਪ’ ਸਰਕਾਰ ਨੇ ਬਿਨਾਂ ਕਿਸੇ ਅਧਿਕਾਰੀਆਂ ਦੀ ਜਾਂਚ-ਪੜਤਾਲ ਦੇ ਪਿੰਡ ਦੇ ਕਰੀਬ 105 ਆਟਾ-ਦਾਲ ਸਕੀਮ ਵਾਲੇ ਕਾਰਡ ਕੱਟ ਦਿੱਤੇ ਹਨ। ਕਟੌਤੀ ਕੀਤੇ ਕਾਰਡਾਂ ‘ਚ ਬਹੁ-ਗਿਣਤੀ ਕਾਰਡ ਐੱਸਈ ਅਤੇ ਬੀਸੀ ਵਰਗ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਦੇ ਹਨ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਿਭਾਗ ਅਤੇ ਸਰਕਾਰ ਕਾਰਡ ਕੱਟਣ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਜਾਂ ਕਿਸੇ ਜ਼ਿੰਮੇਵਾਰ ਵਿਅਕਤੀ ਤੋਂ ਤਫਤੀਸ਼ ਕਰਵਾਏ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਾਰਵਾਈ ਜ਼ਮੀਨੀ ਪੱਧਰ ‘ਤੇ ਕੀਤੀ ਤਫਤੀਸ਼ ਦੀ ਨਾ ਹੋ ਕੇ ਦਫ਼ਤਰਾਂ ਦੀਆਂ ਕੁਰਸੀਆਂ ‘ਤੇ ਬੈਠ ਕੇ ਅਧਿਕਾਰੀਆ ਕੀਤੀ ਗਈ ਜਾਪਦੀ ਹੈ। ਸਰਪੰਚ ਢਿੱਲੋਂ ਨੇ ਆਖਿਆ ਕਿ ਕੱਟੇ ਗਏ ਕਾਰਡਾਂ ਦੀ ਸੂਚੀ ਪੰਚਾਇਤ ਆਪਣੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਖੁਰਾਕ ਮੰਤਰੀ ਨੂੰ ਲਿਖਤੀ ਰੂਪ ਵਿੱਚ ਦੇਵੇਗੀ। ਉਨ੍ਹਾਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਇਹ ਕੱਟੇ ਕਾਰਡ ਜਲਦੀ ਬਹਾਲ ਨਾ ਕੀਤੇ ਤਾਂ ਪਿੰਡ ਵਾਸੀਆ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।