ਅਰਪਨ ਲਿਖਾਰੀ ਸਭਾ ਦੀ ਇਕੱਤਰਤਾ
ਸਤਨਾਮ ਸਿੰਘ ਢਾਅ
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਦਸੰਬਰ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਅਤੇ ਬੀਬੀ ਗੁਰਨਾਮ ਕੌਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਕੱਤਰ ਜਰਨੈਲ ਸਿੰਘ ਤੱਗੜ ਨੇ ਸਟੇਜ ਸੰਭਾਲਦਿਆਂ ਇਕੱਤਰ ਹੋਏ ਸਾਹਿਤਕਾਰਾਂ ਅਤੇ ਸਾਹਿਤ ਰਸੀਆਂ ਨੂੰ ਜੀ ਆਇਆਂ ਆਖਿਆ। ਇਹ ਮੀਟਿੰਗ ਮਾਤਾ ਗੁਜਰੀ ਜੀ ਅਤੇ ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਉੱਭਰ ਰਹੇ ਕਵੀ ਅਮਰਪ੍ਰੀਤ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵਾਰਤਾ ਨੂੰ ਕਵੀਸ਼ਰੀ ਰੰਗ ਵਿੱਚ ਪੇਸ਼ ਕਰਕੇ ਕੀਤੀ। ਸੁਖਵਿੰਦਰ ਸਿੰਘ ਤੂਰ ਨੇ ਰਣਜੀਤ ਬਾਵਾ ਦਾ ਗਾਇਆ ਅਤੇ ਟਿਵਾਣਾ ਦਾ ਲਿਖਿਆ ‘ਕੁਰਬਾਨੀ’ ਗੀਤ ਪੇਸ਼ ਕੀਤਾ। ਬੀਬੀ ਗੁਰਨਾਮ ਕੌਰ ਨੇ ਸਿੱਖ ਇਤਿਹਾਸ ਦੇ ਖੂਨੀ ਪੰਨਿਆਂ ਨੂੰ ਅਤੇ ਸ਼ਹਾਦਤਾਂ ਦੇ ਸਫ਼ਰ ਨੂੰ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਸਾਂਝਾ ਕਰਕੇ ਉਸ ਸਮੇਂ ਦੀ ਹਕੂਮਤ ਦੇ ਜ਼ਬਰ ਜ਼ੁਲਮਾਂ ਦੀ ਤਸਵੀਰ ਪੇਸ਼ ਕਰ ਦਿੱਤੀ। ਡਾ. ਹਰਮਿੰਦਰਪਾਲ ਸਿੰਘ ਨੇ ਗੀਤ ‘ਮਾਤਾ ਲਾਲਾਂ ਨੂੰ ਜਗਾਵੇ ਨਾਲੇ ਘੋੜੀਆਂ ਵੀ ਗਾਵੇ’ ਸੁਣਾਇਆ। ਡਾ. ਜੋਗਾ ਸਿੰਘ ਸਿਹੋਤਾ ਨੇ ਮਕਬੂਲ ਗੀਤ ‘ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ’ ਨਾਲ ਹੀ ਭਾਈ ਨੰਦ ਲਾਲ ਗੋਇਆ ਦੀ ਨਜ਼ਮ ਪੇਸ਼ ਕੀਤੀ।
ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਇਸ ਇਤਿਹਾਸਕ ਸਾਕੇ ਨੂੰ ਮੁੱਖ ਰੱਖਦਿਆਂ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਮੌਜੂਦਾ ਹਾਲਤ ’ਤੇ ਚਿੰਤਾ ਕਰਦਿਆਂ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ਲਈ ਉਪਰਾਲੇ ਕਰਨ ’ਤੇ ਜ਼ੋਰ ਦਿੱਤਾ। ਬੀਬੀ ਬਲਜੀਤ ਕੌਰ ਹੁੰਦਲ ਨੇ ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ (ਅਜੀਤ ਸਿੰਘ ਅਤੇ ਜੁਝਾਰ ਸਿੰਘ) ਦਾ ਬਹਾਦਰੀ ਨਾਲ ਦੁਸ਼ਮਣ ਦੇ ਟਾਕਰੇ ਦਾ ਦ੍ਰਿਸ਼ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ। ਗੁਰਮੀਤ ਕੌਰ ਸਰਪਾਲ ਨੇ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਦੀ ਦਾਸਤਾਨ ਪੇਸ਼ ਕੀਤੀ। ਇਕਬਾਲ ਖਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਲੋਕਾਂ ਨੂੰ ਜ਼ਬਰ ਜ਼ੁਲਮ ਦੇ ਖਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੰਦੀ ਕਵਿਤਾ ਪੇਸ਼ ਕੀਤੀ। ਲਖਵਿੰਦਰ ਸਿੰਘ ਜੌਹਲ ਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਦੇ ਵਿਰਾਸਤੀ ਰੁੱਖਾਂ ਬਾਰੇ ਕਵਿਤਾ ਸਾਂਝੀ ਕੀਤੀ। ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਬਾਰੇ ਸਚਾਈ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਨੂੰ ਆਪਣੇ ਪਾਣੀਆਂ ਵਿੱਚੋਂ ਸਿਰਫ਼ ਪੱਚੀ ਫ਼ੀਸਦੀ ਪਾਣੀ ਹੀ ਮਿਲਦਾ ਹੈ। ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਕਵਿਤਾ ‘ਪਹਿਰਾ ਅਮਨ ਦਾ ਰਹੇ ਪੰਜਾਬ ਅੰਦਰ’ ਸਾਂਝੀ ਕੀਤੀ।
ਸਤਨਾਮ ਸਿੰਘ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਨਾਲ ਹੀ ਆਰਟਿਸਟ ਕ੍ਰਿਪਾਲ ਸਿੰਘ ਦੀ ਪਹਿਲੀ ਜਨਮ ਸ਼ਤਾਬਦੀ ’ਤੇ ਵੈਨਕੂਵਰ ਤੋਂ ਲੇਖਕ ਜੈਤੇਗ ਸਿੰਘ ਅਨੰਤ ਦਾ ਲਿਖਿਆ ਪਰਚਾ ਵੀ ਪੜ੍ਹਿਆ। ਇਨ੍ਹਾਂ ਤੋਂ ਇਲਾਵਾ ਇਸ ਸਾਹਿਤਕ ਵਿਚਾਰ ਚਰਚਾ ਵਿੱਚ ਗੁਰਦੀਪ ਸਿੰਘ ਗਹੀਰ, ਤਰਨਜੀਤ ਮੰਡ, ਗੁਰਮੀਤ ਸਿੰਘ ਢਾਅ, ਸੁਖਪਾਲਵੀਰ ਸਿੰਘ, ਮਹਿੰਦਰ ਕੌਰ ਕਾਲੀਰਾਏ, ਅਵਤਾਰ ਕੌਰ ਤੱਗੜ ਨੇ ਭਰਪੂਰ ਯੋਗਦਾਨ ਪਾਇਆ। ਸਕੱਤਰ ਜਰਨੈਲ ਸਿੰਘ ਤੱਗੜ ਨੇ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।