For the best experience, open
https://m.punjabitribuneonline.com
on your mobile browser.
Advertisement

ਕਰੱਸ਼ਰਾਂ ਤੇ ਖਣਨ ਖ਼ਿਲਾਫ਼ ਪਿੰਡ ਪਲਾਹੜ ’ਚ ਇਕੱਤਰਤਾ

08:43 AM Apr 02, 2024 IST
ਕਰੱਸ਼ਰਾਂ ਤੇ ਖਣਨ ਖ਼ਿਲਾਫ਼ ਪਿੰਡ ਪਲਾਹੜ ’ਚ ਇਕੱਤਰਤਾ
ਪਲਾਹੜ ਵਿੱਚ ਕੀਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ।
Advertisement

ਦੀਪਕ ਠਾਕੁਰ
ਤਲਵਾੜਾ, 1 ਅਪਰੈਲ
ਤਲਵਾੜਾ ਖ਼ੇਤਰ ’ਚ ਚੱਲਦੇ ਸਟੋਨ ਕਰੱਸ਼ਰਾਂ ਅਤੇ ਖਣਨ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਬੀਤੇ ਦਿਨ ਪਲਾਹੜ ਵਿੱਚ ਵਿਸ਼ਾਲ ਇਕੱਤਰਤਾ ਕੀਤੀ। ਸਰਪੰਚ ਜੋਗਿੰਦਰ ਸਿੰਘ, ਨੌਜਵਾਨ ਆਗੂ ਮਨੋਜ ਧੀਮਾਨ, ਨੀਰਜ ਸ਼ਰਮਾ ਅਤੇ ਯਸ਼ਪਾਲ ਬਟਵਾੜਾ ਦੀ ਅਗਵਾਈ ਹੇਠ ਪਿੰਡ ਦੇ ਕਮਿਊਨਿਟੀ ਹਾਲ ’ਚ ਇੱਕਠ ਕੀਤਾ ਗਿਆ।
ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਮੋਹਤਬਰ ਵਿਅਕਤੀ, ਸਰਪੰਚ, ਪੰਚ, ਵਾਤਾਵਰਨ ਪ੍ਰੇਮੀ, ਸਮਾਜਿਕ ਚਿੰਤਕ ਅਤੇ ਕਰੱਸ਼ਰਾਂ ਤੋਂ ਪੀੜਤ ਲੋਕ ਸ਼ਾਮਲ ਹੋਏ। ਸਾਬਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਅਤੇ ਭਾਜਪਾ ਆਗੂ ਰਘੂਨਾਥ ਰਾਣਾ ਨੇ ਵੀ ਸ਼ਿਰਕਤ ਕੀਤੀ। ਇਕੱਠ ’ਚ ਬੋਲਦਿਆਂ ਪੈਨਸ਼ਨਰ ਆਗੂ ਸ਼ਿਵ ਕੁਮਾਰ ਅਮਰੋਹੀ, ਸਰਪੰਚ ਸੁਰੇਸ਼ ਕੁਮਾਰ ਟੋਹਲੂ, ਸਾਬਕਾ ਸਰਪੰਚ ਜੀਤ ਰਾਮ ਸ਼ਰਮਾ ਬਰਿੰਗਲੀ, ਕੈਪਟਨ ਜੋਗਿੰਦਰ ਸਿੰਘ ਮੰਗੂ ਮੈਰ੍ਹਾ, ਕੈਪਟਨ ਅਵਤਾਰ ਸਿੰਘ ਜੰਡੌਰ ਹਾਰ, ਨੌਜਵਾਨ ਭਾਜਪਾ ਆਗੂ ਅੰਕਿਤ ਰਾਣਾ ਆਦਿ ਨੇ ਖੇਤਰ ’ਚ ਕਰੱਸ਼ਰਾਂ ਵੱਲੋਂ ਕੀਤੀ ਜਾ ਰਹੀ ਵਾਤਾਵਰਨ ਤਬਾਹੀ ’ਤੇ ਚਿੰਤਾ ਪ੍ਰਗਟ ਕੀਤੀ। ਬੁਲਾਰਿਆਂ ਨੇ ਸੂਬਾ ਸਰਕਾਰ ’ਤੇ ਨਿਸ਼ਾਨ ਸੇਧਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾਜਾਇਜ਼ ਖਣਨ ’ਤੇ ਨਕੇਲ ਕੱਸਣ ਦੇ ਦਾਅਵਿਆਂ ਦੀ ਤਲਵਾੜਾ ਖ਼ੇਤਰ ’ਚ ਚੱਲਦੇ ਅੱਧੀ ਦਰਜਨ ਤੋਂ ਵਧ ਸਟੋਨ ਕਰੱਸ਼ਰ ਫੂਕ ਕੱਢ ਰਹੇ ਹਨ। ਦਰਿਆਵਾਂ ਤੋਂ ਲੈ ਕੇ ਪਹਾੜਾਂ ਤੱਕ ਅੰਨ੍ਹੇਵਾਹ ਖਣਨ ਕੀਤਾ ਜਾ ਰਿਹਾ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਨਾਜਾਇਜ਼ ਖਣਨ ਕਾਰੋਬਾਰ ਨੂੰ ਚੋਣ ਬਾਂਡਾਂ ਦੀ ਤਰਜ਼ ’ਤੇ ਇੱਕ ਵੱਡਾ ਘੁਟਾਲਾ ਦੱਸਿਆ, ਉਨ੍ਹਾਂ ਹਵਾਲੇ ਦੇ ਕੇ ਖ਼ੇਤਰ ’ਚ ਚੱਲਦੀ ਮਾਈਨਿੰਗ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਸਾਬਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਤਲਵਾੜਾ ਖ਼ੇਤਰ ਦਾ ਜ਼ਿਆਦਾਤਰ ਰਕਬਾ ਜੰਗਲਾਤ ਦੀ ਦਫ਼ਾ 4 ਅਤੇ 5 ਅਧੀਨ ਆਉਂਦਾ ਹੈ, ਇੱਥੇ ਪਰਿਵਾਰ ਮੈਂਬਰ ਦੀ ਮੌਤ ’ਤੇ ਸਸਕਾਰ ਲਈ ਲੱਕੜ ਦੀ ਕਟਾਈ ਲਈ ਵੀ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਉੱਥੇ ਅੱਧੀ ਦਰਜਨ ਤੋਂ ਵਧ ਚੱਲਦੇ ਸਟੋਨ ਕਰੱਸ਼ਰ ਬਿਨਾਂ ਕਿਸੇ ਸਰਕਾਰੀ ਅਲਾਟ ਕੀਤੀ ਖੱਡ ਤੋਂ ਰੋਜ਼ਾਨਾ ਹਜ਼ਾਰਾਂ ਟਨ ਕੱਚਾ ਮਟੀਰਿਅਲ ਸੈਂਕੜੇ ਦਰੱਖ਼ਤ ਪੁੱਟ ਕੇ ਕੱਢ ਰਹੇ ਹਨ ਪਰ ਕੋਈ ਕਾਰਵਾਈ ਨਹੀਂ। ਭਾਜਪਾ ਆਗੂ ਰਘੂਨਾਥ ਰਾਣਾ ਨੇ ਇਲਾਕੇ ਦੀ ਹਿਫ਼ਾਜ਼ਤ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਕਰੱਸ਼ਰਾਂ ਅਤੇ ਖਣਨ ਖ਼ਿਲਾਫ਼ 21 ਮੈਂਬਰੀ ਕਮੇਟੀ ਗਠਨ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਦੀ ਅਗਵਾਈ ਹੇਠ ਅਗਲੀ ਰਣਨੀਤੀ ਉਲੀਕੀ ਜਾਵੇਗੀ। ਹਾਜ਼ਰ ਲੋਕਾਂ ਨੇ ਇੱਕਸੁਰ ਹੋ ਕੇ ਕਰੱਸ਼ਰਾਂ ਦੀ ਤਬਾਹੀ ਖ਼ਿਲਾਫ ਸੰਘਰਸ਼ ਦਾ ਅਹਿਦ ਲਿਆ। ਮੰਚ ਸੰਚਾਲਨ ਸਾਹਿਲ ਠਾਕੁਰ ਉਰਫ਼ ਸ਼ਵੀ ਨੇ ਕੀਤਾ।

Advertisement

Advertisement
Author Image

Advertisement
Advertisement
×