ਪ੍ਰੋਫੈਸਰ ਸਾਈਬਾਬਾ ਦੀ ਯਾਦ ਵਿਚ ਇਕੱਤਰਤਾ
ਟ੍ਰਿਬਿਊਨ ਨਿਊਜ਼ ਸਰਵਿਸ
ਸਰੀ, 16 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਮਨੁੱਖੀ ਹੱਕਾਂ ਦੇ ਕਾਰਕੁਨ ਜੀਐੱਨ ਸਾਈਬਾਬਾ ਦੇ ਦੇਹਾਂਤ ਤੋਂ ਬਾਅਦ ਇੱਥੇ ਹੌਲੈਂਡ ਪਾਰਕ ਵਿਚ ਉਨ੍ਹਾਂ ਦੀ ਯਾਦ ਵਿਚ ਇਕੱਤਰਤਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪ੍ਰੋ. ਸਾਈਬਾਬਾ ਦੀ ਲੋਕਾਂ ਲਈ ਪ੍ਰਤੀਬੱਧਤਾ ਤੇ ਸਰਗਰਮੀ ਬਾਰੇ ਗੱਲਾਂ ਕੀਤੀਆਂ ਅਤੇ ਪ੍ਰੋ. ਸਾਈਬਾਬਾ ਦੀ ਮੌਤ ਲਈ ਸਰਕਾਰ ਨੂੰ ਜਿ਼ੰਮੇਵਾਰ ਠਹਿਰਾਇਆ ਜਿਸ ਨੇ ਉਸ ਦੇ 90 ਫੀਸਦੀ ਅਪਾਹਜ ਅਤੇ ਬਿਮਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹ ਅੰਦਰ ਢੁੱਕਵੀਆਂ ਮੈਡੀਕਲ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ।
ਇਹ ਇਕੱਤਰਤਾ ਆਨਲਾਈਨ ਮੈਗਜ਼ੀਨ ‘ਰੈਡੀਕਲ ਦੇਸੀ’ ਨੇ ਕਰਵਾਈ ਜਿਸ ਵਿਚ ਬਦਲਵੀਂ ਸਿਆਸਤ ਨਾਲ ਸਬੰਧਿਤ ਲਿਖਤਾਂ ਨਸ਼ਰ ਕੀਤੀਆਂ ਜਾਂਦੀਆਂ ਹਨ। ‘ਰੈਡੀਕਲ ਦੇਸੀ’ ਨੇ ਕੈਨੇਡੀਅਨ ਸਰਕਾਰ ਕੋਲ ਇੱਕ ਪਟੀਸ਼ਨ ਰਾਹੀਂ ਪਹੁੰਚ ਕੀਤੀ ਸੀ ਕਿ ਪ੍ਰੋ. ਸਾਈਬਾਬਾ ਦੀ ਰਿਹਾਈ ਲਈ ਦਖ਼ਲ ਦਿੱਤਾ ਜਾਵੇ। ਇਕੱਤਰਤਾ ਦੌਰਾਨ ਮੂਲਵਾਸੀ ਐਜੂਕੇਟਰ ਜੈਨੀਫਰ ਸ਼ੈਰਿਫ, ਤੇਲਗੂ ਇਸਾਈ ਭਾਈਚਾਰੇ ਦੇ ਆਗੂ ਜੌਹਨ ਯਜਾਲਾ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪ੍ਰੋ. ਸਾਈਬਾਬਾ ਦੀ ਮੌਤ ਲਈ ਸਰਕਾਰ ਜ਼ੁੰਮੇਵਾਰ ਹੈ। ਸੰਯੁਕਤ ਰਾਸ਼ਟਰ ਨੇ ਵੀ ਉਨ੍ਹਾਂ ਦੀ ਮਾੜੀ ਸਿਹਤ ਦੇ ਮੱਦੇਨਜ਼ਰ ਰਿਹਾਅ ਕਰਨ ਲਈ ਪੈਰਵੀ ਕੀਤੀ ਸੀ ਪਰ ਭਾਰਤ ਸਰਕਾਰ ਨੇ ਕੰਨ ਨਹੀਂ ਧਰਿਆ। ਯਾਦ ਰਹੇ ਕਿ ਪ੍ਰੋ. ਸਾਈਬਾਬਾ ਤਕਰੀਬਨ ਦਸ ਸਾਲ ਜੇਲ੍ਹ ਵਿਚ ਰਹੇ ਅਤੇ ਬਰੀ ਹੋਣ ਤੋਂ ਬਾਅਦ ਮਾਰਚ ਵਿੱਚ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ। ਉਦੋਂ ਤੱਕ ਉਨ੍ਹਾਂ ਦੀ ਸਿਹਤ ਬਹੁਤ ਵਿਗੜ ਗਈ ਸੀ।
ਇਕੱਤਰਤਾ ’ਚ ਕਮਿਊਨਿਟੀ ਕਾਰਕੁਨ ਸਾਹਿਬ ਸਿੰਘ ਥਿੰਦ, ਪੰਜਾਬੀ ਸ਼ਾਇਰ ਅੰਮ੍ਰਿਤ ਦੀਵਾਨਾ, ਸਿੱਖ ਕਾਰਕੁਨ ਰਾਜ ਸਿੰਘ ਭੰਡਾਲ, ਕੁਲਵਿੰਦਰ ਸਿੰਘ, ਗਿਆਨ ਸਿੰਘ ਗਿੱਲ ਤੇ ਸੰਗਰਾਮ ਸਿੰਘ, ਮਨੁੱਖੀ ਹੱਕਾਂ ਬਾਰੇ ਕਾਰਕੁਨ ਸੁਨੀਲ ਕੁਮਾਰ, ਪੱਤਰਕਾਰ ਗੁਰਵਿੰਦਰ ਸਿੰਘ ਧਾਲੀਵਾਲ ਤੇ ਭੁਪਿੰਦਰ ਮੱਲ੍ਹੀ, ਔਰਤਾਂ ਦੇ ਹੱਕਾਂ ਲਈ ਸਰਗਰਮ ਕਾਰਕੁਨ ਸ਼ਬਨਮ ਤੋਂ ਇਲਾਵਾ ‘ਰੈਡੀਕਲ ਦੇਸੀ’ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਸ਼ਾਮਲ ਹੋਏ।