ਪਿੰਡ ਕਾਉਂਕੇ ਕਲਾਂ ’ਚ ਨਸ਼ਿਆਂ ਖ਼ਿਲਾਫ਼ ਇਕੱਤਰਤਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਜੁਲਾਈ
ਮਾਨਸਾ ਜ਼ਿਲ੍ਹੇ ’ਚੋਂ ਨਸ਼ਿਆਂ ਖ਼ਿਲਾਫ਼ ਉੱਠੇ ਲੋਕ ਰੋਹ ਅਤੇ ਘਰ-ਘਰ ਜਾ ਕੇ ਨਸ਼ਾ ਤਸਕਰਾਂ ਨੂੰ ਵਰਜਣ ਦੀ ਪਿਰਤ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ’ਚ ਨਜ਼ਰ ਆਈ। ਚਿੱਟੇ ਸਮੇਤ ਹੋਰ ਨਸ਼ਿਆਂ ਨਾਲ ਹੋਈ ਬਰਬਾਦੀ ਕਰ ਕੇ ਪਿੰਡਾਂ ’ਚ ਲਗਾਤਾਰ ਲੋਕ ਰੋਹ ਵਧ ਰਿਹਾ ਹੈ ਅਤੇ ਬੇਟ ਇਲਾਕੇ ਦੇ ਪਿੰਡ ਭੁਮਾਲ ਤੋਂ ਬਾਅਦ ਅੱਜ ਪਿੰਡ ਕਾਉਂਕੇ ਕਲਾਂ ’ਚ ਨਸ਼ਾ ਵਿਰੋਧੀ ਇਕੱਤਰਤਾ ਹੋਈ। ਇਨਕਲਾਬੀ, ਕਿਸਾਨ ਤੇ ਹੋਰ ਜਨਤਕ ਜਥੇਬੰਦੀਆਂ ਨੇ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁਨ ਲੜਾਈ ’ਚ ਆਮ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਲੋਕ ਆਗੂ ਕੰਵਲਜੀਤ ਖੰਨਾ ਦੀ ਅਗਵਾਈ ’ਚ ਇਕੱਤਰਤਾ ਮਗਰੋਂ ਪਿੰਡ ਵਾਸੀਆਂ ਤੇ ਜਥੇਬੰਦੀਆਂ ਨੇ ਨਸ਼ਾ ਵੇਚਣ ਵਾਲੇ ਪਰਿਵਾਰ ਦੇ ਘਰੇ ਜਾ ਕੇ ਪਰਿਵਾਰ ਮੁਖੀ ਨੂੰ ਇਸ ਧੰਦੇ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ। ਨਾ ਸੁਧਰਨ ਦੀ ਹਾਲਤ ’ਚ ਪਿੰਡ ਪੱਧਰ ’ਤੇ ਪਰਿਵਾਰ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ। ਇਕੱਤਰਤਾ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ (ਲੱਖੋਵਾਲ) ਦੇ ਨੁਮਾਇੰਦਿਆ ਅਤੇ ਪਿੰਡ ਵਾਸੀਆਂ ’ਤੇ ਆਧਾਰਤ ਨੌਂ ਮੈਂਬਰੀ ਨਸ਼ਾ ਵਿਰੋਧੀ ਕਮੇਟੀ ਦਾ ਮਾਸਟਰ ਸੁਰਜੀਤ ਸਿੰਘ ਦੀ ਅਗਵਾਈ ’ਚ ਗਠਨ ਕੀਤਾ ਗਿਆ। ਇਹ ਕਮੇਟੀ ਨਸ਼ਿਆਂ ਦੀ ਵੇਚ ਖਰੀਦ ਖ਼ਿਲਾਫ਼ ਸਰਗਰਮੀ ਨਾਲ ਪਹਿਰੇਦਾਰੀ ਕਰੇਗੀ। ਮੀਟਿੰਗ ਨੇ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਕਮੇਟੀ ਨਾਲ ਸੰਪਰਕ ਕਰਨ ਦਾ ਸੱਦਾ ਦਿੱਤਾ ਤਾਂ ਕਿ ਸੁਚੇਤ ਰੂਪ ’ਚ ਇਲਾਜ ਕਰਵਾਇਆ ਜਾ ਸਕੇ। ਕਮੇਟੀ ਨੇ ਸਮੁੱਚੇ ਪਿੰਡ ਅਤੇ ਪੰਚਾਇਤ ਨੂੰ ਇਸ ਨਸ਼ੇ ਦੇ ਕੋਹੜ ਦੇ ਖ਼ਿਲਾਫ਼ ਸਾਥ ਦੇਣ ਦੀ ਅਪੀਲ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸਰਕਾਰਾਂ ਨੇ ਨਸ਼ੇ ਬੰਦ ਕਰਨ ਲਈ ਵਾਅਦੇ ਤਾਂ ਬਹੁਤ ਕੀਤੇ ਪਰ ਵਫਾ ਨਹੀਂ ਹੋਏ।