ਪੀਆਰਟੀਸੀ ਦੇ ਕੱਚੇ ਕਾਮਿਆਂ ਵੱਲੋਂ ਗੇਟ ਰੈਲੀ
ਪਰਸ਼ੋਤਮ ਬੱਲੀ
ਬਰਨਾਲਾ, 19 ਸਤੰਬਰ
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਪੀਆਰਟੀਸੀ ਬਰਨਾਲਾ ਡਿੱਪੂ ਦੇ ਗੇਟ ਅੱਗੇ ਕਾਮਿਆਂ ਵੱਲੋਂ ਰੈਲੀ ਕੀਤੀ ਗਈ। ਡਿੱਪੂ ਪ੍ਰਧਾਨ ਨਿਰਪਾਲ ਸਿੰਘ, ਗੁਰਪ੍ਰੀਤ ਸੇਖਾ ਤੇ ਅੰਗਰੇਜ਼ ਬੀਹਲਾ ਨੇ ਕਿਹਾ ਕਿ ਲੰਘੀ 9 ਫਰਵਰੀ ਨੂੰ ਟਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ ’ਚ ਮੰਤਰੀ ਵੱਲੋਂ ਮੰਗਾਂ ਦੇ ਨਿਬੇੜੇ ਲਈ ਕਮੇਟੀ ਗਠਿਤ ਕਰਕੇ 2 ਮਹੀਨਿਆਂ ’ਚ ਮਸਲਾ ਹੱਲ ਕਰਨ ਦੇ ਦਿਵਾਏ ਭਰੋਸੇ ਦੇ ਬਾਵਜੂਦ ਮੈਨੇਜਮੈਂਟ ਦੀ ਅੜਿੱਕੇ ਪਾਊ ਨੀਤੀ ਕਾਰਨ ਮਸਲਾ ਹੱਲ ਨਹੀਂ ਹੋ ਸਕਿਆ ਜਿਸ ਕਾਰਨ ਸਮੂਹ ਮੁਲਾਜ਼ਮ ਮੁੜ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨੌਕਰੀਆਂ ਵੰਡਣ ਦੇ ਇਸ਼ਤਿਹਾਰੀ ਬੋਰਡ ਪੰਜਾਬ ਸਰਕਾਰ ਦੇ ‘ਝੂਠ ਦੀ ਪੰਡ’ ਬਣ ਕੇ ਕੱਚੇ ਕਾਮਿਆਂ ਤੇ ਪਰਿਵਾਰਾਂ ਨੂੰ ਰੜਕਣ ਲੱਗੇ ਹਨ। ਮਨਦੀਪ ਸਿੰਘ, ਬੂਟਾ ਸਿੰਘ ਨੇ ਕਿਹਾ ਕਿ ਆਪ ਦੀ ਸਰਕਾਰ ਬਣੀ ਨੂੰ ਲਗਪਗ 3 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਪ੍ਰੰਤੂ ਇਸ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਪਨਬਸ/ਪੀਆਰਟੀਸੀ ਵਿੱਚ ਕੋਈ ਵੀ ਨਵੀਂ ਬੱਸ ਨਹੀਂ ਪਾਈ। ਆਗੂਆਂ ਕਿਹਾ ਕਿ ਮਨੇਜਮੈਂਟ ਵੱਲੋਂ ਲਗਪਗ 2 ਸਾਲਾ ਦਾ ਸਮਾਂ ਬੀਤਣ ਦੇ ਬਾਵਜੂਦ ਵੀ 5 ਫੀਸਦੀ ਦਾ ਏਰੀਅਰ ਨਹੀਂ ਦਿੱਤਾ ਜਾ ਰਿਹਾ ਗਿਆ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 21 ਅਕਤੂਬਰ ਤੋਂ ਚੱਕਾ ਜਾਮ ਕੀਤਾ ਜਾਵੇਗਾ ਅਤੇ 22 ਅਕਤੂਬਰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ।