ਪੀਆਰਟੀਸੀ ਤੇ ਪਨਬੱਸ ਕਾਮਿਆਂ ਵੱਲੋਂ ਮੰਗਾਂ ਦੇ ਹੱਕ ’ਚ ਗੇਟ ਰੈਲੀਆਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਮੰਗਾਂ ਦੀ ਪੂਰਤੀ ਲਈ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੇ ਮੋਟਰ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਪਟਿਆਲਾ ਸਣੇ ਪੰਜਾਬ ਦੇ 27 ਡਿੱਪੂਆਂ ’ਤੇ ਗੇਟ ਰੈਲੀਆਂ ਕਰਕੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਚਿਤਾਵਨੀ ਦਿੱਤੀ ਗਈ ਕਿ ਮੰਗਾਂ ਦੀ ਪੂਰਤੀ ਨਾ ਹੋਈ ਤਾਂ 15 ਅਕਤੂਬਰ ਨੂੰ ਪੰਜਾਬ ਦੇ ਸਾਰੇ ਬੱਸ ਅੱਡੇੇ ਬੰਦ ਕਰਕੇ ਰੋਸ ਪ੍ਰਦਸ਼ਨ ਕੀਤੇ ਜਾਣਗੇ। 21 ਅਕਤੂਬਰ ਤੋਂ ਸੂਬਾਈ ਚੱਕਾ ਜਾਮ ਅਤੇ 22 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਫੇਰ ਵੀ ਹੱਲ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਵਿੱਢੀ ਜਾਵੇਗੀ।
ਜਥੇਬੰਦੀ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਦਾ ਕਹਿਣਾ ਸੀ ਕਿ ਇਨ੍ਹਾਂ ਗੇਟ ਰੈਲੀਆਂ ਨੂੰ ਪ੍ਰਧਾਨ ਰੇਸ਼ਮ ਗਿੱਲ ਸਣੇ ਵੀਰ ਚੰਦ ਸ਼ਰਮਾ, ਹਰਜਿੰਦਰ ਗੋਰਾ, ਅਤਿੰਦਰਪਾਲ ਸਿੰਘ ਤੇ ਹਰਮਨ ਸਿੰਘ ਨੇ ਵੀ ਸੰਬੋਧਨ ਕੀਤਾ। ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਨਵੀਆਂ ਬੱਸਾਂ ਨਹੀਂ ਪਾ ਰਹੀ। ਜਦਕਿ 400 ਬੱਸਾਂ ਕੰਡਮ ਹੋ ਗਈਆਂ ਹਨ। ਕੰਡਮ ਬੱਸਾਂ ਦਾ ਖਮਿਆਜ਼ਾ ਡਰਾਈਵਰ-ਕੰਡਕਟਰਾਂ ਨੂੰ ਭੁਗਤਣਾ ਪੈ ਰਿਹਾ ਹੈ। ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਵਾਅਦੇ ਮੁਤਾਬਕ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਪਟਿਆਲਾ ਡਿੱਪੂ ’ਤੇ ਕੀਤੀ ਗਈ ਗੇਟ ਰੈਲੀ ਨੂੰ ਯੂਨੀਅਨ ਦੇ ਸੂਬਾਈ ਆਗੂ ਹਰਕੇਸ਼ ਵਿੱਕੀ, ਡਿੱਪੂ ਪ੍ਰਧਾਨ ਸਹਿਜਪਾਲ ਸੰਧੂ, ਸੈਕਟਰੀ ਜਸਦੀਪ ਲਾਲੀ ਨੇ ਵੀ ਸੰਬੋਧਨ ਕੀਤਾ।