ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਗੇਟ ਰੈਲੀਆਂ
ਹਤਿੰਦਰ ਮਹਿਤਾ
ਜਲੰਧਰ, 12 ਸਤੰਬਰ
ਇੱਥੇ ਅੱਜ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਪੂਰੇ ਪੰਜਾਬ ਭਰ ਦੇ ਡਿੱਪੂਆਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਜਲੰਧਰ 1 ਅਤੇ 2 ਡਿੱਪੂ ਦੇ ਗੇਟ ’ਤੇ ਬੋਲਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ ਅਤੇ ਮਾਫੀਆਂ ਰਾਜ ਕਾਬਜ਼ ਹੋ ਚੁੱਕਿਆ ਹੈ ਟਾਈਮ ਟੇਬਲਾਂ ਵਿੱਚ ਪ੍ਰਾਈਵੇਟ ਦਾ ਬੋਲਬਾਲਾ ਹੈ ਅਤੇ 2 ਸਾਲ ਵਿੱਚ ਸਰਕਾਰ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ। ਇਸ ਨਾਲ ਵਿਭਾਗ ਸੁੰਘੜਦਾ ਜਾ ਰਿਹਾ ਹੈ। ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਹੁਣ ਤੱਕ ਨਹੀਂ ਆਈਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਮੀਟਿੰਗਾਂ ਕਰ ਚੁੱਕੇ ਹਨ 15 ਤੋਂ 16 ਮੀਟਿੰਗਾਂ ਵਿਭਾਗ ਦੇ ਅਧਿਕਾਰੀਆਂ ਤੇ ਸਟੇਟ ਟਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਨਾਲ ਕਰ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਕੱਢਿਆ ਗਿਆ। ਹੁਣ 14 ਸਤੰਬਰ ਦੀ ਮੀਟਿੰਗ ਤੈਅ ਕੀਤੀ ਗਈ ਯੂਨੀਅਨ ਨੂੰ ਉਮੀਦ ਹੈ ਕਿ 14 ਸਤੰਬਰ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਟਰਾਂਸਪੋਰਟ ਵਿਭਾਗ ਦੇ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨਗੇ । ਜਨਰਲ ਸਕੱਤਰ ਚਾਨਣ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜੇ ਸਰਕਾਰ ਅਤੇ ਮੈਨੇਜਮੈਂਟ ਨੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ 14 ਸਤੰਬਰ ਦੀ ਮੀਟਿੰਗ ਵਿੱਚ ਨਾ ਕੀਤਾ ਤਾਂ ਤੁਰੰਤ ਚੱਕਾ ਜਾਮ ਕੀਤਾ ਜਾਵੇਗਾ ਤੇ ਸਰਕਾਰ ਖ਼ਿਲਾਫ਼ ਸਖ਼ਤ ਵਿਰੋਧ ਕੀਤਾ ਜਾਵੇਗਾ।