ਰੂਪਨਗਰ ਜ਼ਿਲ੍ਹੇ ਵਿੱਚ ਗੈਸ ਚੋਰ ਗਰੋਹ ਸਰਗਰਮ
ਪੱਤਰ ਪ੍ਰੇਰਕ
ਰੂਪਨਗਰ, 24 ਸਤੰਬਰ
ਜ਼ਿਲ੍ਹੇ ਅੰਦਰ ਗੈਸ ਚੋਰ ਗਰੋਹ ਸਰਗਰਗਮ ਹੈ। ਇਸ ਗਰੋਹ ਵੱਲੋਂ ਘਰੇਲੂ ਸਿਲੰਡਰਾਂ ਵਿੱਚੋਂ ਗੈਸ ਕੱਢ ਕੇ ਖ਼ਪਤਕਾਰਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਸਮਾਜ ਸੇਵੀ ਰਣਜੀਤ ਸਿੰਘ ਪਤਿਆਲਾਂ ਨੇ ਦੱਸਿਆ ਕਿ ਇਸ ਗਰੋਹ ਵੱਲੋਂ ਘਰੇਲੂ ਗੈਸ ਸਿਲੰਡਰਾਂ ਵਿੱਚੋਂ 2 ਤੋਂ 3 ਕਿਲੋ ਤੱਕ ਗੈਸ ਕੱਢ ਕੇ ਹੋਟਲਾਂ, ਢਾਬਿਆਂ ਤੇ ਰੇਹੜੀ ਵਾਲਿਆਂ ਵੱਲੋਂ ਦਿਖਾਵੇ ਲਈ ਰੱਖੇ ਕਮਰਸ਼ੀਅਲ ਸਿਲੰਡਰਾਂ ਵਿੱਚ ਭਰ ਕੇ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੰਮ ਗੈਸ ਏਜੰਸੀਆਂ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਆਪਣੇ ਸਿਲੰਡਰ ਦਾ ਵਜ਼ਨ ਘੱਟ ਹੋਣ ਉਪਰੰਤ ਜਦੋਂ ਗੈਸ ਏਜੰਸੀ ਵੱਲੋਂ ਸਪਲਾਈ ਕੀਤੇ ਜਾ ਰਹੇ ਸਿਲੰਡਰਾਂ ਦੀ ਪੁਲੀਸ ਤੇ ਮੀਡੀਆ ਦੀ ਹਾਜ਼ਰੀ ਵਿੱਚ ਜਾਂਚ ਕਰਵਾਈ ਤਾਂ ਵਾਹਨ ’ਚ ਲਗਪਗ ਸਾਰੇ ਸਿਲੰਡਰਾਂ ਦਾ ਵਜ਼ਨ ਘੱਟ ਨਿਕਲਿਆ ਸੀ। ਇਸ ਉਪਰੰਤ ਸਬੰਧਤ ਵਿਭਾਗ ਨੇ ਗੈਸ ਏਜੰਸੀ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ ਸੀ। ਉਨ੍ਹਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਗੈਸ ਏਜੰਸੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਵਾਹਨਾਂ ਰਾਹੀਂ ਸਿਰਫ਼ ਉਨੇ ਹੀ ਸਿਲੰਡਰ ਸਪਲਾਈ ਲਈ ਲੈ ਕੇ ਜਾਣ ਜਿੰਨੇ ਸਿਲੰਡਰਾਂ ਦੀ ਖਪਤਕਾਰਾਂ ਵੱਲੋਂ ਬੁਕਿੰਗ ਕਰਵਾਈ ਗਈ ਹੈ। ਇਸ ਤੋਂ ਇਲਾਵਾ ਏਜੰਸੀਆਂ ਦੇ ਗੋਦਾਮਾਂ ਤੋਂ ਕਿਸੇ ਵੀ ਪ੍ਰਾਈਵੇਟ ਵਾਹਨ ਚਾਲਕ ਨੂੰ ਨਿਯਮਾਂ ਦੀ ਉਲੰਘਣਾ ਕਰ ਕੇ ਇਕੱਠੇ ਸਿਲੰਡਰਾਂ ਦੀ ਡਿਲੀਵਰੀ ਨਾ ਦਿੱਤੀ ਜਾਵੇ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕਰਨ ਵਾਲੀਆਂ ਥਾਵਾਂ ’ਤੇ ਸਿਲੰਡਰਾਂ ਦੀ ਖ਼ਰੀਦ ਕਰਨ ਸਬੰਧੀ ਰਜਿਸਟਰ ਲਗਵਾਇਆ ਜਾਵੇ।
ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ: ਡੀਐੱਫਐੱਸਸੀ
ਡੀਐੱਫਐੱਸਸੀ ਰੂਪਨਗਰ ਡਾ. ਕਿਮੀ ਵਨੀਤ ਕੌਰ ਸੇਠੀ ਨੇ ਕਿਹਾ ਕਿ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।