ਗੈਸ ਪਾਈਪਲਾਈਨ: ਮੁਆਵਜ਼ੇ ਲਈ ਸੰਘਰਸ਼ ’ਤੇ ਡਟੇ ਕਿਸਾਨ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 30 ਦਸੰਬਰ
ਜ਼ਮੀਨਦੋਜ਼ ਗੈਸ ਪਾਈਪਲਾਈਨ ਦਾ ਮੁਆਵਜ਼ਾ ਲੈਣ ਸਬੰਧੀ ਕਿਸਾਨਾਂ ਵੱਲੋਂ ਮਾਨਸਾ-ਬਰਨਾਲਾ ਮੁੱਖ ਮਾਰਗ ਸੜਕ ਖੇਤਾਂ ਵਿਚਲੇ ਵਿਧਵਾ ਜਰਨੈਲ ਕੌਰ ਜੋਗਾ ਦੇ ਘਰ ਨਜ਼ਦੀਕ ਚੱਲ ਰਿਹਾ ਧਰਨਾ ਅੱਜ 18ਵੇਂ ਦਿਨ ਵੀ ਜਾਰੀ ਰਿਹਾ। ਦੂਜੇ ਪਾਸੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਹਿੰਦੋਸਤਾਨ ਪੈਰੋਲੀਅਮ ਕਾਰਪੋਰੇਸ਼ਨ ਲਿਮਟਿਡ ਕੰਪਨੀ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਕਿਸਾਨ ਬਚਾਓ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਭੋਲਾ ਸਿੰਘ ਮਾਖਾ ਚਹਿਲਾਂ, ਗੁਰਸੇਵਕ ਸਿੰਘ ਜੋਗਾ ਅਤੇ ਇੰਦਰਜੀਤ ਸਿੰਘ ਝੱਬਰ ਨੇ ਸਾਂਝੇ ਤੌਰ ’ਤੇ ਇੱਕ ਮੰਗ ਪੱਤਰ ਥਾਣਾ ਜੋਗਾ ਦੇ ਮੁਖੀ ਕੰਮਲਜੀਤ ਸਿੰਘ ਗੁਰਨੇ ਕਲਾਂ ਨੂੰ ਦਿੱਤਾ। ਇਸ ਮੰਗ ਪੱਤਰ ਵਿੱਚ ਕਿਸਾਨੀ ਮੰਗਾਂ ਅਤੇ ਜ਼ਮੀਨਦੋਜ਼ ਗੈਸ ਪਾਈਪਲਾਈਨ ਵਾਲੀ ਜ਼ਮੀਨ ਦਾ ਪ੍ਰਤੀ ਏਕੜ 60 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਨਗਰ ਪੰਚਾਇਤ ਜੋਗਾ ਦੇ ਸ਼ਹਿਰੀ ਰਿਹਾਇਸ਼ੀ ਖੇਤਰ ’ਤੇ ਹਾਈਵੇ ਸੜਕ ਨਾਲ ਲਗਦੀ ਜ਼ਮੀਨ ਦਾ ਮੁਆਵਜ਼ਾ ਆਮ ਜ਼ਮੀਨ ਨਾਲੋਂ ਵੱਧ ਦੇਣ ਦੀ ਮੰਗ ਕੀਤੀ। ਕਿਸਾਨ ਅਗੂਆਂ ਭੋਲਾ ਸਿੰਘ ਮਾਖਾ ਚਹਿਲਾਂ ਅਤੇ ਗੁਰਸੇਵਕ ਸਿੰਘ ਜੋਗਾ ਨੇ ਕਿਹਾ ਕਿ ਸਾਮਰਾਜੀ ਨੀਤੀਆਂ ਤਹਿਤ ਅਰੰਭੇ ਅਖੌਤੀ ਆਰਥਿਕ ਸੁਧਾਰਾਂ ਨੇ ਕਿਸਾਨਾਂ ਦੀ ਲੁੱਟ ਨੂੰ ਹੋਰ ਵੀ ਤੇਜ਼ ਕੀਤਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ਕਰਜ਼ਿਆਂ ਬਦਲੇ ਨੀਲਾਮ ਜਾਂ ਬੈ-ਗਹਿਣੇ ਹੋਣ ਦਾ ਅਮਲ ਵੀ ਤੇਜ਼ ਹੋਇਆ ਹੈ। ਪੰਜਾਬ ਵਿੱਚ ਦੋ ਲੱਖ ਤੋਂ ਵੱਧ ਕਿਸਾਨ ਜ਼ਮੀਨਾਂ ਤੋਂ ਬੇਦਖਲ ਕੀਤੇ ਜਾ ਚੁੱਕੇ ਹਨ। ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਨੇ ਕਿਹਾ ਜਗੀਰਦਾਰ, ਸੂਦਖੋਰ ਦੀ ਬਜਾਏ, ਕਿਸਾਨਾਂ ਪੱਖੀ ਖੇਤੀ ਨੀਤੀਆਂ ਨੂੰ ਲਾਗੂ ਕੀਤੀਆਂ ਜਾਣ। ਖੁਦਕੁਸ਼ੀਆਂ ਵੱਲ ਧੱਕੇ ਜਾ ਰਹੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ। ਇਸ ਮੌਕੇ ਸੁਖਵੀਰ ਸਿੰਘ ਜੋਗਾ, ਭੋਲਾ ਸਿੰਘ ਲੱਧੜ ਜੋਗਾ, ਦਾਨ ਸਿੰਘ ਜੋਗਾ, ਦਰਸ਼ਨ ਸਿੰਘ, ਗੁਰਤੇਜ ਸਿੰਘ ਗੁਰਮੀਤ ਸਿੰਘ ਤੇ ਅਜੈਬ ਸਿੰਘ ਆਦਿ ਹਾਜ਼ਰ ਸਨ।