ਗੈਸ ਲੀਕੇਜ ਮਾਮਲਾ: ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ
ਸਰਬਜੀਤ ਸਿੰਘ ਭੱਟੀ
ਲਾਲੜੂ, 7 ਜੂਨ
ਬੀਤੇ ਦਿਨੀਂ ਲਾਲੜੂ ਖੇਤਰ ਵਿੱਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਅਲਫਾ ਡਰੱਗਜ਼ ਲਿਮਟਡ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਦੋ ਵਰਕਰਾਂ ਦੀ ਸਿਹਤ ਵਿਗੜ ਗਈ ਸੀ ਜਿਨ੍ਹਾਂ ਨੂੰ ਇਲਾਜ ਲਈ ਪੰਚਕੂਲਾ ਅਤੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਐਲਕਮਿਸਟ ਹਸਪਤਾਲ ਵਿੱਚ ਦਾਖ਼ਲ ਦੋਵੇਂ ਵਰਕਰਾਂ ਦਾ ਹਾਲ ਜਾਣਿਆ ਅਤੇzwnj; ਵਰਕਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਕਰ ਦਾ ਭਰੋਸਾ ਦਿੱਤਾ।
ਹਸਪਤਾਲ ਵਿੱਚ ਜ਼ੇਰੇ ਇਲਾਜ ਸੋਨੂੰ ਵਾਸੀ ਬਿਜਨਪੁਰ ਅਤੇ ਬਲਕਾਰ ਵਾਸੀ ਮੀਆਂਪੁਰ ਨਾਲ ਗੱਲਬਾਤ ਕਰਦਿਆਂ ਵਿਧਾਇਕ ਰੰਧਾਵਾ ਨੇ ਹਾਦਸੇ ਵਾਲੀ ਰਾਤ ਵਾਪਰੀ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਡਾਕਟਰਾਂ ਤੋਂ ਉਨ੍ਹਾਂ ਦਾ ਸਟੇਟਸ ਜਾਣਿਆਂ। ਡਾਕਟਰਾਂ ਮੁਤਾਬਕ ਦੋਨਾਂ ਵਰਕਰਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ, ਜਲਦ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਐੱਸਡੀਐੱਮ ਸਮੇਤ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਫਾਇਰ ਵਿਭਾਗ ਨੂੰ ਫੈਕਟਰੀ ਵਿਚ ਹੋਈ ਗੈਸ ਲੀਕੇਜ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।