ਗੈਸ ਲੀਕ: ਜਾਂਚ ਦਾ ਸਮਾਂ ਵਧਾਇਆ
ਹਤਿੰਦਰ ਮਹਿਤਾ
ਜਲੰਧਰ, 6 ਅਕਤੂਬਰ
ਜੈਨ ਆਇਸ ਫੈਕਟਰੀ ਗੈਸ ਲੀਕ ਦੀ ਜਾਂਚ ਦਾ ਸਮਾਂ 15 ਹੋਰ ਵਧਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਮਾਮਲੇ ਦੀ ਜਾਂਚ ਐਸਡੀਐਮ-1 ਨੂੰ ਸੌਂਪਦਿਆਂ 15 ਦਿਨਾਂ ਵਿੱਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਸਨ ਪਰ ਇਸ ਦੌਰਾਨ ਪੰਚਾਇਤੀ ਚੋਣਾਂ ਅਤੇ ਐਸਡੀਐਮ-1 ਦਾ ਤਬਾਦਲਾ ਹੋਣ ਕਾਰਨ ਜਾਂਚ ਟੀਮ ਨੇ ਪ੍ਰਸਾਸ਼ਨ ਤੋਂ 15 ਦਿਨ ਦਾ ਹੋਰ ਸਮਾਂ ਮੰਗਿਆ ਸੀ। ਇਸ ’ਤੇ ਡੀਸੀ ਜਲੰਧਰ ਵਲੋਂ ਜਾਂਚ ਦਾ ਸਮਾਂ 15 ਦਿਨ ਹੋਰ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 21 ਸਤੰਬਰ ਨੂੰ ਦਮੋਰੀਆ ਫਲਾਈਓਵਰ ਨੇੜੇ ਜੈਨ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲੀਕੇਜ ਪਾਈਪ ਫਟਣ ਕਾਰਨ ਹੋਈ ਸੀ। ਪੁਲੀਸ ਕਮਿਸ਼ਨਰ ਨੇ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਤੁਰੰਤ ਮਾਮਲੇ ਦੀ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਮਾਮਲੇ ਦੀ ਜਾਂਚ ਐਸਡੀਐਮ-1 ਨੂੰ ਸੌਂਪੀ ਸੀ। ਅਮੋਨੀਆ ਗੈਸ ਦੀ ਵਰਤੋਂ ਏਅਰ ਕੰਡੀਸ਼ਨਰਾਂ ਅਤੇ ਫਰਿੱਜਾਂ ਵਿੱਚ ਕੀਤੀ ਜਾਂਦੀ ਹੈ। ਇਸ ਗੈਸ ਦੀ ਵਰਤੋਂ ਛੋਟੇ ਤੋਂ ਵੱਡੇ ਫਰਿੱਜਾਂ ਵਿੱਚ ਕੀਤੀ ਜਾਂਦੀ ਹੈ। ਜੈਨ ਆਈਸ ਮਿੱਲ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੀ ਸਮਾਂ ਸੀਮਾ 15 ਦਿਨਾਂ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਰਿਪੋਰਟ 5 ਅਕਤੂਬਰ ਨੂੰ ਪੇਸ਼ ਕੀਤੀ ਜਾਣੀ ਸੀ ਤੇ ਹੁਣ ਇਸ ਨੂੰ 20 ਅਕਤੂਬਰ ਨੂੰ ਪੇਸ਼ ਕੀਤੀ ਜਾਵੇਗੀ।
ਦੱਸ ਦੇਈਏ ਕਿ ਜੈਨ ਆਈਸ ਫੈਕਟਰੀ ਅੰਦਰ ਗੈਸ ਲੀਕ ਹੋਣ ਕਾਰਨ ਸ਼ੀਤਲ ਸਿੰਘ ਦੀ ਦਮ ਘੁਟਣ ਕਾਰਨ ਮੌਤ ਹੋ ਗਈ ਸੀ ਅਤੇ ਇੱਕ ਔਰਤ ਸਣੇ ਤਿੰਨ ਲੋਕ ਬੇਹੋਸ਼ ਹੋ ਗਏ ਸਨ।