ਗੈਸ ਲੀਕ ਮਾਮਲਾ: ਮ੍ਰਿਤਕ ਦੇ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਪਾਲ ਸਿੰਘ ਨੌਲੀ
ਜਲੰਧਰ, 21 ਸਤੰਬਰ
ਬਰਫ਼ ਦੀ ਫੈਕਟਰੀ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਕਾਰਨ ਸਾਹ ਘੁਟਣ ਕਰਕੇ ਆਪਣੀ ਜ਼ਿੰਦਗੀ ਗੁਆ ਚੁੱਕੇ ਵਿਅਕਤੀ ਦੀ ਧੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਫੈਕਟਰੀ ਤੋਂ ਥੋੜ੍ਹੀ ਦੂਰ ਜਿੱਥੇ ਗੈਸ ਦਾ ਪ੍ਰਭਾਵ ਘੱਟ ਸੀ, ਉੱਥੇ ਮ੍ਰਿਤਕ ਦੀ ਧੀ ਨੇ ਰੋਂਦਿਆਂ ਕਿਹਾ ਕਿ ਉਸ ਦੇ ਪਿਤਾ ਅਜੇ ਤਿੰਨ-ਚਾਰ ਮਹੀਨੇ ਪਹਿਲਾਂ ਹੀ ਇਸ ਬਰਫ ਫੈਕਟਰੀ ਵਿੱਚ ਕੰਮ ਕਰਨ ਲੱਗੇ ਸਨ। ਮ੍ਰਿਤਕ ਦੀ ਧੀ ਆਪਣੇ ਪਿਤਾ ਨੂੰ ਲੱਭਦੀ ਰਹੀ, ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਗੈਸ ਲੀਕ ਹੋਣ ਬਾਅਦ ਉਸ ਦੇ ਪਿਤਾ ਨੂੰ ਫੈਕਟਰੀ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ ਜਾਂ ਨਹੀਂ। ਜਦੋਂ ਉਹ ਸਿਵਲ ਹਸਪਤਾਲ ਪੁੱਜੀ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਵਿੱਚ ਮਚੀ ਹਫੜਾ-ਦਫੜੀ ਦੌਰਾਨ ਉਸ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਕਿ ਸ਼ੀਤਲ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ।
ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੀ ਤਾਂ ਦੁਨੀਆਂ ਹੀ ਉਜੜ ਗਈ ਹੈ। ਉਨ੍ਹਾਂ ਦੇ ਪਿਤਾ ਉਮਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਘਰ ਦਾ ਗੁਜ਼ਾਰਾ ਚਲਾਉਣ ਲਈ ਬਰਫ ਦੇ ਕਾਰਖਾਨੇ ਵਿੱਚ ਕੰਮ ਕਰਦੇ ਸਨ।
ਮੌਕੇ ’ਤੇ ਪਹੁੰਚੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜਿਹੜੇ ਵੀ ਜ਼ਿੰਮੇਵਾਰ ਹੋਣਗੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਗੈਸ ਲੀਕ ਹੋਈ ਉਦੋਂ ਚਾਰ-ਪੰਜ ਵਿਅਕਤੀ ਹੀ ਅੰਦਰ ਸਨ ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਹ ਗੈਸ ਇੱਥੋਂ ਦੇ ਮਸ਼ਹੂਰ ਦਮੋਰੀਆ ਪੁਲ ਨੇੜੇ ਵਾਪਰੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਨੇ ਇਸ ਫੈਕਟਰੀ ਨੂੰ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਸੀ। ਪੁਲੀਸ ਨੇ ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਕਿਸੇ ਨੇ ਵੀ ਆਪਣਾ ਘਰ ਛੱਡ ਕੇ ਜਾਣਾ ਮੁਨਾਸਿਬ ਨਾ ਸਮਝਿਆ। ਦੂਜੇ ਪਾਸੇ, ਇੱਕ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਦੱਸਿਆ ਕਿ ਫੈਕਟਰੀ ਵਿੱਚ ਲੀਕ ਹੋ ਰਹੀ ਗੈਸ ਨੂੰ ਬੰਦ ਕਰ ਦਿੱਤਾ ਗਿਆ ਸੀ। ਆਲੇ-ਦੁਆਲੇ ਗੈਸ ਫੈਲਣ ਨਾਲ ਲੋਕਾਂ ਦਾ ਸਾਹ ਘੁਟਣ ਲੱਗ ਪਿਆ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਵਜੇ ਗੈਸ ਲੀਕ ਹੋਈ ਤੇ ਤਿੰਨ-ਚਾਰ ਘੰਟਿਆਂ ਵਿੱਚ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਸੀ। ਆਲੇ-ਦੁਆਲੇ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ।