For the best experience, open
https://m.punjabitribuneonline.com
on your mobile browser.
Advertisement

ਗੈਸ ਫੈਕਟਰੀ: ਮੁਸ਼ਕਾਬਾਦ ਵਾਸੀਆਂ ਦੇ ਹੱਕ ’ਚ 10 ਪਿੰਡਾਂ ਦੇ ਲੋਕ ਧਰਨੇ ’ਤੇ ਬੈਠੇ

07:19 AM Apr 04, 2024 IST
ਗੈਸ ਫੈਕਟਰੀ  ਮੁਸ਼ਕਾਬਾਦ ਵਾਸੀਆਂ ਦੇ ਹੱਕ ’ਚ 10 ਪਿੰਡਾਂ ਦੇ ਲੋਕ ਧਰਨੇ ’ਤੇ ਬੈਠੇ
ਦਿਆਲਪੁਰਾ ਬਾਈਪਾਸ ’ਤੇ ਗੈਸ ਫੈਕਟਰੀ ਬੰਦ ਕਰਨ ਦੀ ਮੰਗ ਲਈ ਧਰਨੇ ’ਤੇ ਬੈਠੇ ਹੋਏ ਲੋਕ।
Advertisement

ਡੀਪੀਅੱੈਸ ਬੱਤਰਾ
ਸਮਰਾਲਾ, 3 ਅਪਰੈਲ
ਪਿੰਡ ਮੁਸ਼ਕਾਬਾਦ ਵਿਚ ਲੱਗ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਵਿੱਚ ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰਿਆ ਦੇ ਵਸਨੀਕਾਂ ਵੱਲੋਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ‘ਸਾਡੇ ਘਰ ਤੇ ਸਾਡੇ ਪਿੰਡ ਵਿਕਾਊ’ ਦੇ ਪੋਸਟਰ ਲਗਾਉਣ ਵਾਲੇ ਇਨ੍ਹਾਂ ਤਿੰਨ ਪਿੰਡਾਂ ਦੇ ਸੰਘਰਸ਼ ਵਿਚ ਅੱਜ ਆਸ-ਪਾਸ ਦੇ ਕਈ ਹੋਰ ਪਿੰਡ ਸ਼ਾਮਲ ਹੋ ਗਏ ਹਨ।
ਹਾਲਾਂਕਿ ਦੋ ਸਾਲ ਤੋਂ ਲੱਗ ਰਹੀ ਇਸ ਫੈਕਟਰੀ ਦੇ ਵਿਰੋਧ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਹੁਣ ਕੋਈ ਹੱਲ ਨਾ ਨਿਕਲਦਾ ਦੇਖ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ਵਿਚ ਖਾਣ-ਪੀਣ ਦਾ ਸਾਮਾਨ ਅਤੇ ਹੋਰ ਰਾਸ਼ਨ ਭਰ ਕੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਲੈ ਆਏ ਤੇ ਉੱਥੇ ਪੱਕੇ ਧਰਨੇ ’ਤੇ ਬੈਠ ਗਏ ਹਨ। ਇਸ ਧਰਨੇ ’ਚ ਕਿਸਾਨ ਅਤੇ ਸਿਆਸੀ ਆਗੂ ਵੀ ਪੁੱਜੇ। ਇਥੋਂ ਤੱਕ ਕਿ ‘ਆਪ’ ਦੇ ਆਗੂ ਵੀ ਸ਼ਾਮਲ ਹੋਏ।
ਧਰਨਾ ਦੇ ਰਹੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਅਤੇ ਪ੍ਰਦੂਸ਼ਣ ਵਧੇਗਾ। ਇਸ ਨਾਲ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ’ਚ ਪ੍ਰਦੂਸ਼ਣ ਦਾ ਪੱਧਰ ਵਧੇਗਾ ਜਦੋਂਕਿ ਉਨ੍ਹਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ’ਚ ਹੈ। ਪਲਾਂਟ ਤੋਂ ਸਾਰੇ ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ ਅਤੇ ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੁੱਝ ਦੂਰੀ ’ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ’ਤੇ ਪਲਾਂਟ ਨਹੀਂ ਲੱਗਣ ਦੇਣਗੇ। ਇਸ ਧਰਨੇ ’ਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਟੀਮ ਦੇ ਨਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਇਹ ਫੈਕਟਰੀ ਕਿਸੇ ਵੀ ਹਾਲਤ ’ਚ ਨਹੀਂ ਚੱਲੇਗੀ।

Advertisement

ਪ੍ਰਸ਼ਾਸਨ ਸਿਰਫ਼ ਝੂਠੇ ਭਰੋਸੇ ਦਿੰਦਾ ਰਿਹਾ: ਸਰਪੰਚ

ਪਿੰਡ ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਪੰਚਾਇਤ ਕਰੀਬ ਦੋ ਸਾਲਾਂ ਤੋਂ ਪਿੰਡ ਵਿੱਚ ਬਾਇਓ ਗੈਸ ਫੈਕਟਰੀ ਲਾਉਣ ਦਾ ਵਿਰੋਧ ਕਰ ਰਹੀ ਹੈ। ਅਨੇਕਾਂ ਵਾਰ ਪ੍ਰਸ਼ਾਸਨ ਨਾਲ ਵੀ ਗੱਲ ਹੋਈ, ਪਰ ਅਧਿਕਾਰੀ ਉਨ੍ਹਾਂ ਨੂੰ ਸਿਰਫ਼ ਝੂਠੇ ਭਰੋਸੇ ਹੀ ਦਿੰਦੇ ਰਹੇ ਅਤੇ ਅੰਦਰੋ-ਅੰਦਰੀ ਫੈਕਟਰੀ ਦਾ ਕੰਮ ਅੱਗੇ ਵਧਦਾ ਗਿਆ ਪਰ ਹੁਣ ਲੋਕ ਕਿਸੇ ਭਰੋਸੇ ਦਾ ਯਕੀਨ ਨਹੀਂ ਕਰਨਗੇ ਅਤੇ ਫੈਕਟਰੀ ਬੰਦ ਕਰਵਾ ਕੇ ਹੀ ਧਰਨੇ ਤੋਂ ਉੱਠਣਗੇ।

ਡੀਸੀ ਨੇ ਮਾਹਿਰਾਂ ਦੀ ਕਮੇਟੀ ਬਣਾਈ: ਐੱਸਡੀਅੱੈਮ

ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਖਦਸ਼ਾ ਹੈ ਕਿ ਗੈਸ ਪਲਾਂਟ ਚਾਲੂ ਹੋਣ ਨਾਲ ਸਿਹਤ ਅਤੇ ਵਾਤਾਵਰਨ ’ਤੇ ਮਾੜਾ ਅਸਰ ਪਵੇਗਾ ਅਤੇ ਪਲਾਂਟ ’ਚ ਦੁਰਘਟਨਾ ਵਾਪਰਨ ਸਮੇਂ ਪਿੰਡ ਵਾਸੀਆਂ ਦਾ ਨੁਕਸਾਨ ਹੋਵੇਗਾ। ਇਸ ’ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਤਿੰਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਪੈਨਲ ਬਣਾ ਕੇ ਇੱਕ ਹਫ਼ਤੇ ਵਿਚ ਰਿਪੋਰਟ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਸ ਪੈਨਲ ਵਿਚ ਪੀਏਯੂ ਲੁਧਿਆਣਾ ਦੇ ਬਾਇਓਗੈਸ ਮਾਹਿਰ, ਚੀਫ ਐਗਰੀਕਲਚਰ ਅਫ਼ਸਰ ਅਤੇ ਪ੍ਰਦੁਸ਼ਣ ਬੋਰਡ ਦੇ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਹਾਈਵੇਅ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹਿਆ

ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੇ ਦੇਰ ਸ਼ਾਮ ਨੂੰ ਹਾਈਵੇਅ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ। ਧਰਨਾਕਾਰੀਆਂ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਉਨ੍ਹਾਂ ਦੀ ਮੰਗ ਸਬੰਧ ਕੁਝ ਗੰਭੀਰ ਨਜ਼ਰ ਆ ਰਿਹਾ ਹੈ। ਇਸ ਲਈ ਪ੍ਰਸ਼ਾਸਨ ਦੀ ਅਪੀਲ ’ਤੇ ਉਨ੍ਹਾਂ ਸਿਰਸ਼ ਆਰਜ਼ੀ ਤੌਰ ’ਤੇ ਹੀ ਇੱਕ ਪਾਸੇ ਦੀ ਆਵਾਜਾਈ ਖੋਲ੍ਹੀ ਹੈ।

Advertisement
Author Image

Advertisement
Advertisement
×