ਗੈਸ ਫੈਕਟਰੀ ਵਿਵਾਦ: ਡੀਸੀ ਵੱਲੋਂ ਅਖਾੜਾ ਵਾਸੀਆਂ ਨਾਲ ਮੁਲਾਕਾਤ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਅਕਤੂਬਰ
ਨੇੜਲੇ ਦੋ ਪਿੰਡਾਂ ਅਖਾੜਾ ਤੇ ਭੂੰਦੜੀ ਵਿੱਚ ਲੱਗ ਰਹੀਆਂ ਗੈਸ ਫੈਕਟਰੀਆਂ ਖ਼ਿਲਾਫ਼ ਕਈ ਮਹੀਨੇ ਤੋਂ ਪੱਕਾ ਮੋਰਚਾ ਜਾਰੀ ਹੈ ਅਤੇ ਅੱਜ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਵਜੋਂ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ ਨੇ ਅਖਾੜਾ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਸਮੇਂ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ। ਬਾਇਓ ਗੈਸ ਪਲਾਂਟ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਾਂਟ ਬਾਇਓ ਗੈਸ ਪੈਦਾ ਕਰਨ ਲਈ ਸਿਰਫ ਪਸ਼ੂਆਂ ਦੇ ਗੋਹੇ ਦੀ ਵਰਤੋਂ ਕਰੇਗਾ ਜਿਸ ਨਾਲ ਗੰਦਗੀ ਨਹੀਂ ਹੁੰਦੀ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁਲਾਕਾਤ ਸਮੇਂ ਹਾਜ਼ਰ ਕਿਸਾਨਾਂ ਨੂੰ ਇਹ ਵੀ ਕਿਹਾ ਕਿ 14 ਮਾਹਿਰਾਂ ਦੇ ਪੈਨਲ ਨੇ ਇਹ ਸਿੱਟਾ ਕੱਢਿਆ ਹੈ ਕਿ ਅਜਿਹੇ ਪਲਾਂਟਾਂ ਦਾ ਕੋਈ ਵੀ ਸਬੰਧ ਕੈਂਸਰ ਜਾਂ ਹੋਰ ਮਾੜੇ ਪ੍ਰਭਾਵਾਂ ਨਾਲ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਹ ਪਲਾਂਟ ਹਰੀ ਸ਼੍ਰੇਣੀ ਦੇ ਉਦਯੋਗਾਂ ਅਧੀਨ ਆਉਂਦਾ ਹੈ ਅਤੇ ਇਸ ਲਈ ਸਰਕਾਰ ਅਤੇ ਹੋਰ ਸੰਸਥਾਵਾਂ ਵੱਲੋਂ ਬਣਾਏ ਗਏ ਸਾਰੇ ਵਾਤਾਵਰਣ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਡੀਸੀ ਜੋਰਵਾਲ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਪਰਾਲੀ ਦੀਆਂ ਗੰਢਾਂ ਬਣਾ ਕੇ ਵੇਚਣ ਲਈ ਵੀ ਪ੍ਰੇਰਿਤ ਕੀਤਾ ਕਿਉਂਕਿ ਇਸ ਨਾਲ ਉਨ੍ਹਾਂ ਦੇ ਪਿੰਡਾਂ ’ਚ ਹੀ ਆਰਥਿਕ ਮੌਕੇ ਪੈਦਾ ਹੋਣ ਦੇ ਨਾਲ-ਨਾਲ ਸਥਾਨਕ ਰੁਜ਼ਗਾਰ ਵੀ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਗੈਸ ਫੈਕਟਰੀਆਂ ਦੇ ਮੁੱਦੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਤਾਲਮੇਲ ਕਮੇਟੀ ਨਾਲ ਕਈ ਮੀਟਿੰਗਾਂ ਕੀਤੀਆਂ ਹਨ, ਜਿਨ੍ਹਾਂ ’ਚ ਵਿਗਿਆਨੀਆਂ ਅਤੇ ਵਾਤਾਵਰਨ ਮਾਹਿਰਾਂ ਸਮੇਤ ਮਾਹਿਰਾਂ ਨੇ ਜ਼ਿਆਦਾਤਰ ਚਿੰਤਾਵਾਂ ਦਾ ਹੱਲ ਕੀਤਾ ਹੈ ਅਤੇ ਕਿਸਾਨ ਯੂਨੀਅਨਾਂ ਵੱਲੋਂ ਉਠਾਏ ਗਏ ਸਾਰੇ ਸ਼ੰਕਿਆਂ ਨੂੰ ਦੂਰ ਕੀਤਾ ਹੈ। ਪਿੰਡ ਅਖਾੜਾ ਦੇ ਪੱਕੇ ਮੋਰਚੇ ਤੋਂ ਇਸ ਮੁਲਾਕਾਤ ਸਮੇਂ ਹਰਦੇਵ ਸਿੰਘ ਅਖਾੜਾ, ਸਵਰਨ ਸਿੰਘ ਅਖਾੜਾ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।