For the best experience, open
https://m.punjabitribuneonline.com
on your mobile browser.
Advertisement

ਗੈਸ ਫੈਕਟਰੀ ਮਾਮਲਾ: ਜਮਹੂਰੀ ਅਧਿਕਾਰ ਸਭਾ ਦੀ ਟੀਮ ਤਿਆਰ ਕਰੇਗੀ ਰਿਪੋਰਟ

07:19 AM Apr 02, 2024 IST
ਗੈਸ ਫੈਕਟਰੀ ਮਾਮਲਾ  ਜਮਹੂਰੀ ਅਧਿਕਾਰ ਸਭਾ ਦੀ ਟੀਮ ਤਿਆਰ ਕਰੇਗੀ ਰਿਪੋਰਟ
ਗੈਸ ਫੈਕਟਰੀ ਖ਼ਿਲਾਫ਼ ਪਿੰਡ ਭੂੰਦੜੀ ਵਿਚ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਅਪਰੈਲ
ਪਿੰਡ ਭੂੰਦੜੀ ਵਿੱਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਚੱਲ ਰਹੇ ਧਰਨੇ ਦੇ ਪੰਜਵੇਂ ਦਿਨ ਅੱਜ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਸਣੇ ਕਈ ਆਗੂਆਂ ਨੇ ਸੰਬੋਧਨ ਕੀਤਾ। ਜਮਹੂਰੀ ਅਧਿਕਾਰ ਸਭਾ ਦੇ ਨੁਮਾਇੰਦਿਆਂ ਪ੍ਰੋ. ਜਗਮੋਹਨ ਸਿੰਘ, ਪ੍ਰੋ. ਏਕੇ ਮਲੇਰੀ ਅਤੇ ਡਾ. ਹਰਬੰਸ ਸਿੰਘ ’ਤੇ ਆਧਾਰਤ ਟੀਮ ਨੇ ਇਸ ਸਮੇਂ ਲੋਕਾਂ ਦਾ ਪੱਖ ਸੁਣਿਆ। ਉਨ੍ਹਾਂ ਫੈਕਟਰੀ ਮਾਲਕਾਂ ਨੂੰ ਵੀ ਆਪਣਾ ਪੱਖ ਰੱਖਣ ਲਈ ਕਿਹਾ। ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਸਾਰੇ ਪੱਖ ਸੁਣ ਵਿਚਾਰ ਕੇ ਉਹ ਮਸਲੇ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰਨਗੇ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਬਲਰਾਜ ਸਿੰਘ ਕੋਟਉਮਰਾ ਅਤੇ ਗੁਰਮੇਲ ਸਿੰਘ ਰੂਮੀ ਨੇ ਕਿਹਾ ਕਿ ਲੋਕਾਂ ਦੀ ਜਾਨ ਦਾਅ ’ਤੇ ਲਾ ਕੇ ਵਿਕਾਸ ਮਨਜ਼ੂਰ ਨਹੀਂ ਹੋ ਸਕਦਾ। ਕੋਈ ਵੀ ਉਦਯੋਗ ਜਾਂ ਫੈਕਟਰੀ ਜੇ ਪ੍ਰਦੂਸ਼ਣ ਪੈਦਾ ਕਰਦੀ ਹੈ ਉਸ ਨੂੰ ਕਿਸੇ ਵੀ ਕੀਮਤ ’ਤੇ ਲਾਇਸੈਂਸ ਜਾਰੀ ਨਹੀਂ ਹੋਣਾ ਚਾਹੀਦਾ। ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ ਉਦਯੋਗਪਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਅਤੇ ਲੋਕਾਂ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧਦੇ ਹਨ। ਇਹੋ ਕਾਰਨ ਹੈ ਕਿ ਕਿਸਾਨ ਤੇ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਪੈਂਦਾ ਹੈ। ਉਨ੍ਹਾਂ ਭੂੰਦੜੀ ਵਾਲੀ ਗੈਸ ਫੈਕਟਰੀ ਵਲੋਂ ਇਤਰਾਜ਼ ਨਾ ਹੋਣ ਦੇ ਸਰਟੀਫਿਕੇਟ ਲਏ ਬਿਨਾਂ ਫੈਕਟਰੀ ਲਾਉਣ ਦੀ ਨਿਖੇਧੀ ਕੀਤੀ।
ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਆਗੂਆਂ ਡਾ. ਸੁਖਦੇਵ ਸਿੰਘ ਭੂੰਦੜੀ, ਤੇਜਿੰਦਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਭਿੰਦਰ ਸਿੰਘ ਹੈਪੀ, ਅਮਰੀਕ ਸਿੰਘ, ਜਗਤਾਰ ਸਿੰਘ ਨੇ ਦੱਸਿਆ ਕਿ ਗੈਸ ਫੈਕਟਰੀ ਖ਼ਿਲਾਫ਼ ਚੱਲਦਾ ਸੰਘਰਸ਼ ਫੈਕਟਰੀ ਦੇ ਬੰਦ ਹੋਣ ਤਕ ਜਾਰੀ ਰਹੇਗਾ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ (ਉਗਰਾਹਾਂ) ਦੇ ਆਗੂ ਰਾਮਸ਼ਰਨ ਸਿੰਘ, ਬੀਕੇਯੂ (ਡਕੌਂਦਾ) ਦੇ ਸੁਖਵਿੰਦਰ ਸਿੰਘ ਹੰਬੜਾਂ ਨੇ ਕਿਹਾ ਕਿ ਇਸ ਫੈਕਟਰੀ ਦੀ ਉਸਾਰੀ ਨੂੰ ਜੇ ਮੁੱਢ ’ਚ ਨਾ ਰੋਕਿਆ ਤਾਂ ਇਹ ਲੋਕਾਂ ਦੀ ਜਾਨ ਨੂੰ ਵੱਡਾ ਖ਼ਤਰਾ ਬਣੇਗੀ। ਸਰਕਾਰਾਂ ਪੂੰਜੀਪਤੀਆਂ ਦੀ ਪਿੱਠ ਪੂਰ ਰਹੀਆਂ ਹਨ। ਪੂੰਜੀਪਤੀਆਂ ਦੇ ਮੁਨਾਫ਼ੇ ਨੂੰ ਯਕੀਨੀ ਬਣਾਇਆ ਜਾਂਦਾ ਹੈ ਅਤੇ ਲੋਕਾਂ ਦੀ ਵੋਟ ਨਾਲ ਬਣੀਆਂ ਸਰਕਾਰਾਂ ਵਲੋਂ ਲੋਕਾਂ ਦੀ ਜਾਨ ਮਾਲ ਨੂੰ ਖ਼ਤਰੇ ’ਚ ਪਾ ਕੇ ਰਾਖੀ ਵੀ ਉਦਯੋਗਪਤੀਆਂ ਦੀ ਕੀਤੀ ਜਾ ਰਹੀ ਹੈ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬੁਲਾਰੇ ਜਸਵੀਰ ਸਿੰਘ ਸੀਰਾ ਨੇ ਕਿਹਾ ਕਿ ਗ਼ਰੀਬ ਮਜ਼ਦੂਰਾਂ ਲਈ ਵੀ ਪਲੀਤ ਹੋਈ ਹਵਾ ਤੇ ਪਾਣੀ ਕਈ ਲਾਇਲਾਜ ਬਿਮਾਰੀਆਂ ਦਾ ਕਾਰਨ ਬਣੇਗਾ। ਸਤਲੁਜ ਦਰਿਆ ਨੇੜਲਾ ਬੇਟ ਇਲਾਕਾ ਪਹਿਲਾਂ ਹੀ ਕਈ ਗੰਭੀਰ ਬਿਮਾਰੀਆਂ ਦੀ ਲਪੇਟ ’ਚ ਹੈ।
ਸਮਰਾਲਾ ਦੇ ਪਿੰਡ ਮੁਸ਼ਕਾਬਾਦ ਦੇ ਸਰਪੰਚ ਲਵਲੀ ਤੇ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵੀ ਬਾਇਓ ਗੈਸ ਦੇ ਨਾਂ ’ਤੇ ਇਕ ਅਜਿਹੀ ਗੈਸ ਫੈਕਟਰੀ ਲੱਗ ਰਹੀ ਹੈ ਜਿਸ ਦਾ ਉਹ ਵਿਰੋਧ ਕਰ ਰਹੇ ਹਨ ਅਤੇ ਤਿੰਨ ਅਪਰੈਲ ਨੂੰ ਚੰਡੀਗੜ੍ਹ ਹਾਈਵੇਅ ਜਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਭੂੰਦੜੀ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ।

Advertisement

Advertisement
Author Image

Advertisement
Advertisement
×