ਗੈਸ ਫੈਕਟਰੀ ਮਾਮਲਾ: ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ੀ ਲੋਕਾਂ ਦੀ ਹਮਾਇਤ
ਗੁਰਿੰਦਰ ਸਿੰਘ
ਲੁਧਿਆਣਾ, 10 ਅਕਤੂਬਰ
ਮਜ਼ਦੂਰ, ਕਿਸਾਨ, ਨੌਜਵਾਨ ਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਕਾਰਕੁਨਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਵਫ਼ਦ ਨੇ ਅੱਜ ਪ੍ਰਸ਼ਾਸਨ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਲਈ ਮੰਗ ਪੱਤਰ ਸੌਂਪ ਕੇ ਮਾਰੂਤੀ ਮਾਨੇਸਰ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਅਤੇ ਲੁਧਿਆਣੇ ਜ਼ਿਲ੍ਹੇ ਦੀਆਂ ਗੈਸ ਫੈਕਟਰੀਆਂ ਵਿਰੁੱਧ ਜੂਝ ਰਹੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਸ ਮੌਕੇ ਏਡੀਸੀ ਅਮਰਜੀਤ ਬੈਂਸ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਣ ਸਮੇਂ ਲਖਵਿੰਦਰ ਪ੍ਰਧਾਨ ਕਾਰਖਾਨਾ ਮਜ਼ਦੂਰ ਯੂਨੀਅਨ, ਸੁਰਿੰਦਰ ਸਿੰਘ ਇਨਕਲਾਬੀ ਮਜਦੂਰ ਕੇਂਦਰ, ਹਰਜਿੰਦਰ ਸਿੰਘ ਪ੍ਰਧਾਨ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਜਗਦੀਸ਼ ਚੰਦ ਜਨਰਲ ਸਕੱਤਰ ਸੀਟੀਯੂ (ਪੰਜਾਬ), ਰਘਬੀਰ ਸਿੰਘ ਬੈਨੀਪਾਲ ਸੂਬਾਈ ਜੱਥੇਬੰਦਕ ਸਕੱਤਰ, ਜਮਹੂਰੀ ਕਿਸਾਨ ਸਭਾ, ਜਸਵੰਤ ਜੀਰਖ ਜਮਹੂਰੀ ਅਧਿਕਾਰ ਸਭਾ, ਟੀਨਾ ਅਤੇ ਤਰਨ, ਨੌਜਵਾਨ ਭਾਰਤ ਸਭਾ ਅਤੇ ਗੁਰਦੀਪ ਸਿੰਘ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਕੰਨਟ੍ਰੈਕਟ ਯੂਨੀਅਨ ਵੀ ਹਾਜ਼ਰ ਸਨ।
ਸਰਕਾਰ ਨੂੰ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਮਰੂਤੀ ਮਾਨੇਸਰ ਦੇ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਲਈ ਕੇਂਦਰ ਸਰਕਾਰ ਆਪਣੀ ਬਣਦੀ ਭੂਮਿਕਾ ਨਿਭਾਵੇ। ਜਥੇਬੰਦੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਲੁਧਿਆਣੇ ਸਮੇਤ ਪੂਰੇ ਪੰਜਾਬ ਵਿੱਚ ਲਗਾਈਆਂ ਜਾ ਰਹੀਆਂ ਸੀਬੀਜੀ ਅਤੇ ਸੀਐਨਜੀ ਗੈਸ ਫੈਕਟਰੀਆਂ ਉੱਤੇ ਮੁਕੰਮਲ ਰੋਕ ਲਗਾਈ ਜਾਵੇ। ਮਨੁੱਖਤਾ ਤੇ ਵਾਤਾਵਰਣ ਦੀ ਸੁਰੱਖਿਆ ਨੂੰ ਛਿੱਕੇ ਟੰਗ ਕੇ ਅੰਨ੍ਹੇਵਾਹ ਸਨਅਤੀਕਰਨ ਦੀ ਨੀਤੀ ਰੱਦ ਹੋਵੇ, ਬੁੱਢਾ ਨਾਲਾ, ਲੁਧਿਆਣਾ ਦੀ ਸਵੱਛਤਾ ਯਕੀਨੀ ਬਣਾਈ ਜਾਵੇ ਅਤੇ ਗਰੀਬ ਬਸਤੀਆਂ ਵਿੱਚ ਸਾਫ਼ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।