For the best experience, open
https://m.punjabitribuneonline.com
on your mobile browser.
Advertisement

ਗੈਸ ਫੈਕਟਰੀ ਮਾਮਲਾ: ਅਖਾੜਾ ਵਾਸੀਆਂ ਵੱਲੋਂ ਵੋਟਾਂ ਦੇ ਬਾਈਕਾਟ ਦਾ ਐਲਾਨ

10:15 AM May 25, 2024 IST
ਗੈਸ ਫੈਕਟਰੀ ਮਾਮਲਾ  ਅਖਾੜਾ ਵਾਸੀਆਂ ਵੱਲੋਂ ਵੋਟਾਂ ਦੇ ਬਾਈਕਾਟ ਦਾ ਐਲਾਨ
ਅਖਾੜਾ ਵਿੱਚ ਸ਼ੁੱਕਰਵਾਰ ਨੂੰ ਵੋਟਾਂ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਪਿੰਡ ਵਾਸੀ।
Advertisement

ਜਸਬੀਰ ਸ਼ੇਤਰਾ/ ਚਰਨਜੀਤ ਢਿੱਲੋਂ
ਜਗਰਾਉਂ, 24 ਮਈ
ਇਸ ਜ਼ਿਲ੍ਹੇ ’ਚ ਕਈ ਥਾਈਂ ਗੈਸ ਫੈਕਟਰੀਆਂ ਲਾਉਣ ਦਾ ਵਿਰੋਧ ਤਿੱਖਾ ਹੋ ਗਿਆ ਹੈ। ਪਿੰਡ ਭੂੰਦੜੀ ’ਚ ਲੋਕਾਂ ਵਲੋਂ ਵੋਟਾਂ ਦੇ ਕੀਤੇ ਬਾਈਕਾਟ ਤੋਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਭਾਜੜਾਂ ਪਈਆਂ ਹੋਈਆਂ ਸਨ ਕਿ ਅੱਜ ਗੈਸ ਫੈਕਟਰੀ ਖ਼ਿਲਾਫ਼ ਹੀ ਪਿੰਡ ਅਖਾੜਾ ਵਾਸੀਆਂ ਨੇ ਵੋਟਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਗੈਸ ਫੈਕਟਰੀ ਖ਼ਿਲਾਫ਼ ਚੱਲਦੇ ਧਰਨੇ ’ਚ ਵੱਡੀ ਗਿਣਤੀ ਇਕੱਤਰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਵੋਟਾਂ ਦੇ ਬਾਈਕਾਟ ਦਾ ਫ਼ੈਸਲਾ ਲਿਆ। ਇਸ ਦੇ ਨਾਲ ਹੀ ਪਿੰਡ ’ਚ ਲੋਕ ਸਭਾ ਚੋਣਾਂ ਲਈ ਬੂਥ ਨਾ ਲਾਉਣ ਦੀ ਵੀ ਗੱਲ ਆਖੀ। ਧਰਨਾਕਾਰੀਆਂ ਨੇ ਸਰਕਾਰ ਤੇ ਪ੍ਰਸ਼ਾਸਨ ’ਤੇ ਅਣਗਹਿਲੀ ਦੇ ਦੋਸ਼ ਮੜ੍ਹੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਅਣਗਹਿਲੀ ਭਰਪੂਰ ਰਵੱਈਏ ਕਾਰਨ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਭੂੰਦੜੀ ਅਤੇ ਮੁਸ਼ਕਾਬਾਦ ਤੋਂ ਬਾਅਦ ਹੁਣ ਉਨ੍ਹਾਂ ਮਜਬੂਰੀ ’ਚ ਇਹ ਕਦਮ ਚੁੱਕਿਆ ਹੈ। ਨਿਰਮਾਣ ਅਧੀਨ ਗੈਸ ਫੈਕਟਰੀ ਮੂਹਰੇ ਮਹੀਨੇ ਤੋਂ ਉੱਪਰ ਸਮੇਂ ਤੋਂ ਚੱਲ ਰਹੇ ਦਿਨ ਰਾਤ ਦੇ ਰੋਸ ਧਰਨੇ ਦੇ ਬਾਵਜੂਦ ਫੈਕਟਰੀ ਮਾਲਕ ਵਲੋਂ ਲੋਹੇ ਦਾ ਗੇਟ ਲਾਉਣ ਦੀ ਕੋਸ਼ਿਸ਼ ਨੂੰ ਪਿੰਡ ਵਾਸੀਆਂ ਨੇ ਅੱਜ ਅਸਫ਼ਲ ਬਣਾ ਦਿੱਤਾ। ਇਸ ਮੌਕੇ ਪਹੁੰਚੀ ਪੁਲੀਸ ਨੇ ਦਖ਼ਲ ਦੇ ਕੇ ਤਣਾਅਪੂਰਨ ਮਾਹੌਲ ਨੂੰ ਸ਼ਾਂਤ ਕੀਤਾ। ਇਸੇ ਤਰ੍ਹਾਂ ਸੀਮਿੰਟ ਦੇ ਟਰੱਕ ਨੂੰ ਵੀ ਨਾਅਰੇਬਾਜ਼ੀ ਕਰਕੇ ਵਾਪਸ ਭੇਜਿਆ ਗਿਆ। ਡੀਐਸਪੀ ਜਸਜਯੋਤ ਸਿੰਘ ਨੇ ਦੋਹਾਂ ਧਿਰਾਂ ਨਾਲ ਗੱਲ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਮਸਲਾ ਲਟਕ ਗਿਆ। ਧਰਨੇ ’ਚ ਪੂਰੇ ਪਿੰਡ ਨੇ ਇਕਮੱਤ ਹੋ ਕੇ ਔਰਤਾਂ ਦੇ ਸਹਿਯੋਗ ਨਾਲ ਫੈਕਟਰੀ ਦੇ ਮੂਹਰੇ ਜਗਰਾਉਂ-ਹਠੂਰ ਸੜਕ ਪੂਰੀ ਤਰ੍ਹਾਂ ਜਾਮ ਰੱਖੀ। ਮਸਲਾ ਹੱਲ ਨਾ ਹੋਣ ’ਤੇ ਪਿੰਡ ਵਾਸੀਆਂ ਨੇ ਇਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਪੂਰਨ ਬਾਈਕਾਟ ਦਾ ਐਲਾਨ ਕਰ ਦਿੱਤਾ।

Advertisement

Advertisement
Author Image

joginder kumar

View all posts

Advertisement
Advertisement
×