For the best experience, open
https://m.punjabitribuneonline.com
on your mobile browser.
Advertisement

ਕੂੜੈ ਤੁਟੈ ਪਾਲਿ

08:43 AM May 23, 2024 IST
ਕੂੜੈ ਤੁਟੈ ਪਾਲਿ
Advertisement

ਦਰਸ਼ਨ ਸਿੰਘ ਬਰੇਟਾ

Advertisement

ਲੋਕ ਸਭਾ ਦੀਆਂ ਚੋਣਾਂ ਦਾ ਨਤੀਜਾ ਆ ਚੁੱਕਿਆ ਸੀ। ਜੇਤੂ ਢੋਲ ’ਤੇ ਨੱਚ ਟੱਪ ਜਸ਼ਨ ਮਨਾ ਰਹੇ ਸਨ। ਹਾਰਿਆਂ ਦੇ ਮੂੰਹ ਲਟਕੇ ਹੋਏ ਸਨ।
ਥਾਂ-ਥਾਂ ਲੱਡੂ ਵੰਡੇ ਜਾ ਰਹੇ ਸਨ। ਭੀੜ ਵਧ ਰਹੀ ਸੀ। ਮੈਂ ਦੋ ਲੱਡੂ ਲਏ। ਖਾਂਦਿਆਂ ਨਾਲ ਵਾਲੀ ਟੀ ਸਟਾਲ ’ਚ ਜਾ ਬੈਠਿਆ।
‘‘ਇਹ ਜਸ਼ਨ ਕਿਹੜੀ ਪਾਰਟੀ ਦਾ ਏ? ਕੌਣ ਜਿੱਤਿਐ?’’ ਲੱਡੂ ਮੂੰਹ ’ਚ ਪਾਉਂਦਿਆਂ ਮੈਂ ਜਾਣਬੁੱਝ ਅਣਜਾਣ ਬਣਦਿਆਂ ਦੁਕਾਨਦਾਰ ਨੂੰ ਮੁਖ਼ਾਤਿਬ ਹੋਇਆ। ‘‘ਭਰਾ, ਇਹ ਲੋਕ ਜਿੱਤੇ ਨੇ। ਅਖੌਤੀ ਲੋਕਤੰਤਰ ਹਾਰਿਐ। ਗਦਾਰਾਂ ਦੇ ਖੁੱਡੇ ਲੱਗਣ ਦੀ ਖ਼ੁਸ਼ੀ ’ਚ ਲੱਡੂ ਵੰਡਦੇ ਨੇ।’’
‘‘ਅੱਛਾ! ਹਾਰਨ ਦੀ ਖ਼ੁਸ਼ੀ ’ਚ ਵੀ ਲੱਡੂ! ਕਮਾਲ ਐ!’’
‘‘ਲੱਗਦੈ ਅਗਲਾ ਮਿਸ਼ਨ ਵੀ ਫਤਹਿ ਹੋਊ!’’ ਲੱਡੂ ਮੂੰਹ ’ਚ ਪਾਉਂਦਿਆਂ ਉਸ ਦੀ ਬਿਰਤੀ ਕੁਝ ਦਿਨ ਪਹਿਲਾਂ ਦੀ ਮੀਟਿੰਗ ਨਾਲ ਜਾ ਜੁੜੀ।
ਸਵੇਰ ਦੀ ਸੈਰ। ਛੁੱਟੀ ਵਾਲਾ ਦਿਨ। ਮਿੱਤਰ ਮੰਡਲੀ ’ਕੱਠੀ। ਚਰਚਾ ਦਾ ਵਿਸ਼ਾ ਨਿੱਘਰਦੀ ਸਿਆਸਤ।
‘‘ਵੋਟਾਂ ਆਲਿਆਂ ਦੀ ਚਹਿਲ-ਪਹਿਲ ਕਿੰਨੀ ਕੁ ਐ? ਚਮਚੇ, ਕੜਛੇ ਛਿੱਤਰ ਲਾਹੀ ਹਰਲ-ਹਰਲ ਕਰਦੇ ਫਿਰਦੇ ਹੋਣੇ ਐ!’’ ਸ਼ਰਮੇ ਨੇ ਅਖਾੜਾ ਭਖਾਉਣ ਲਈ ਵਿਅੰਗ ਕੀਤਾ। ਘੁਸਰ-ਮੁਸਰ ਚੱਲ ਪਈ।
‘‘ਕਿਵੇਂ ਲੇਟ ਹੋਗੇ, ਖਾਨ ਸਾਹਿਬ? ਲੱਗਦੈ ਨਵੀਂ ਸਰਕਾਰ ਦੀ ਚਿੰਤਾ ਕਰਦੇ ਰਹੇ ਰਾਤ ਭਰ? ਕੀ ਨਵਾਂ ਸੱਪ ਕੱਢੋਂਗੇ?’’ ਹਾਜ਼ਰਜਵਾਬ ਸ਼ਰਮੇ ਨੇ ਗੱਲ ਭੁੰਝੇ ਨਾ ਡਿੱਗਣ ਦਿੱਤੀ। ‘‘ਸ਼ਰਮਾ ਜੀ, ਆਹ ਦਲਬਦਲੂ, ਮੌਕਾਪ੍ਰਸਤ ਬੰਦਿਆਂ ਦੀ ਗਿਣਤੀ ਤਾਂ ਵਧਦੀ ਹੀ ਜਾਂਦੀ ਐ। ਹੁਣ ਦੱਸੋ, ਜੋ ਆਪਣੀ ਪਾਰਟੀ ਨੂੰ ਹੀ ’ਗੂਠਾ ਦਿਖਾ ਗਿਆ, ਉਹ ਲੋਕਾਂ ਦਾ ਕਿਵੇਂ ਹੋ ਸਕਦੈ? ਸਭ ਕੁਰਸੀਆਂ ਦੇ ਭੁੱਖੜ ਨੇ, ਚੁਫੇਰਗੜ੍ਹੀਏ। ਆਪਾਂ ਤਾਂ ਨੀ ਭਰਾਵੋ ਜਾਂਦੇ, ਵੋਟ ਪਾਉਣ।’’ ਪਾਲਾ ਸਿੰਘ ਦੇ ਅੰਦਰਲਾ ਦਰਦ ਛਲਕ ਉੱਠਿਆ।
‘‘ਪਲਟੂ ਤਾਂ ਚੱਲੋ ਗਦਾਰ ਨੇ। ਬਾਕੀ ਕਿੱਧਰਲੇ ਦੇਸ਼ਭਗਤ ਨੇ? ਟੱਬਰਾਂ ਲਈ ਜਭਕਦੇ ਨੇ। ਤਾਂ ਹੀ ਤਾਂ ਟਿਕਟਾਂ ਵੀ ਵਿਕਦੀਆਂ ਨੇ।’’ ਨਰਾਤਾ ਰਾਮ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਸੀ।
‘‘ਮਿੱਤਰੋ ਸੁਣੋ! ਕੁਝ ਦਿਨ ਪਹਿਲਾਂ ਇਤਿਹਾਸਕ ਨਾਵਲ ਪੜ੍ਹਿਆ। ਰਾਜੇ-ਮਹਾਰਾਜੇ ਧੋਖਾ ਦੇਣ ਵਾਲੇ ਦੀਆਂ ਲੱਤਾਂ ਬਾਹਾਂ ਵਢਵਾ ਦਿੰਦੇ ਸੀ। ਬਈ! ਕਿਸੇ ਨਾਲ ਹੋਰ ਨਾ ਗਦਾਰੀ ਕਰਨ ਜੋਗਾ ਰਹਿ ਜੇ। ਕਈਆਂ ਦੀ ਤਾਂ ਜੀਭ ਵੀ ਵੱਢ ਦਿੰਦੇ ਸੀ। ਪਰਜਾ ਅੱਡ ਥੂ-ਥੂ ਕਰਦੀ।’’ ਖਾਨ ਨੇ ਇਤਿਹਾਸ ਦੇ ਪੰਨਿਆਂ ਰਾਹੀਂ ਜਨਤਾ ਦੇ ਰੋਹ ਨੂੰ ਆਸਮਾਨੀਂ ਚੜ੍ਹਾ ਦਿੱਤਾ।
‘‘ਆਹ, ਲੋਕਤੰਤਰ ਦੇ ਅਖੌਤੀ ਠੇਕੇਦਾਰ ਦੇਖ ਲਓ! ਦਾਦੇ ਪੜਦਾਦਿਆਂ ਤੋਂ ਕੁਰਸੀਆਂ ਦੇ ਨਜ਼ਾਰੇ ਲੈਂਦੇ ਰਹੇ। ਪਤੰਦਰ ਰਾਤੋ ਰਾਤ ਗਿੱਟ-ਮਿੱਟ ਕਰ ਨਵੀਂ ਪਾਰਟੀ ਦਾ ਪਟਾ ਜਾ ਗਲ ’ਚ ਪਵਾ ਹੁੱਬ-ਹੁੱਬ ਬੋਲਣਗੇ। ਅਖੇ, ਓਥੇ ਮੇਰਾ ਸਾਹ ਘੁਟਦਾ ਸੀ, ਵਿਚਾਰਧਾਰਾ ਫਿੱਟ ਨ੍ਹੀਂ ਸੀ। ਧਗੜਿਆਂ ਨੂੰ ਕੋਈ ਪੁੱਛੇ! ਬਈ ਪੀੜ੍ਹੀਆਂ ਤੱਕ ਬੇਅਕਲੇ ਹੀ ਤੁਰੇ ਫਿਰਦੇ ਰਹੇ। ਹੁਣ ਕਿਹੜਾ ਅਲੋਕਾਰੀ ਗਿਆਨ ਹੋ ਗਿਆ? ਕੁਰਸੀਆਂ ਤੋਂ ਕਬਜ਼ਾ ਨ੍ਹੀਂ ਛੱਡਣਾ ਚਾਹੁੰਦੇ ਖੇਖਣਬਾਜ਼।’’ ਸ਼ਰਮੇ ਦਾ ਚਿਹਰਾ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਮੂੰਹ ’ਤੇ ਪਰਨਾ ਫੇਰਦਿਆਂ ਫੇਰ ਛਿੜ ਪਿਆ ਸੀ।
‘‘ਵੱਡੇ ਲੀਡਰਾਂ ਨੂੰ ਵੀ ਭੋਰਾ ਭਰ ਸ਼ਰਮ ਨ੍ਹੀਂ। ਨਵੇਂ ਮਿੱਤ ਪੁਰਾਣੇ ਚਿੱਤ। ਪਤੰਦਰੋ, ਤੁਹਾਡਿਆਂ ਨੂੰ ਦੱਸ ਕੀ ਛਪਾਕੀ ਨਿਕਲੀ ਐ? ਮੌਕਾ ਦੇ ਕੇ ਤਾਂ ਦੇਖੋ। ਲਾਈਲੱਗ ਵਰਕਰ ਨੇ। ਨਾਅਰਿਆਂ ਤੋਂ ਅੱਗੇ ਨ੍ਹੀਂ ਲੰਘਦੇ। ਅਖੇ, ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ।’’ ਸਾਰੇ ਪਾਲਾ ਸਿੰਘ ਦੀਆਂ ਗੱਲਾਂ ਦਾ ਹੁੰਗਾਰਾ ਭਰਨ ’ਚ ਮਗਨ ਸਨ। ‘‘ਦੋ ਦਿਨਾਂ ਬਾਅਦ ਨਵੇਂ ਪਟੇ ਆਲੇ ਨੂੰ ਟਿਕਟ ਵੇਚ ਦਿੰਦੇ ਨੇ। ਬੇਸ਼ਰਮ ਨਵੇਂ ਦੇ ਸੋਹਲੇ ਗਾਉਣ ਲੱਗ ਪੈਂਦੇ ਨੇ।’’ ਖਾਨ ਨੇ ਗੱਲ ਤਣ-ਪੱਤਣ ਲਾਉਣ ਲਈ ਕਮਾਂਡ ਸੰਭਾਲੀ।
‘‘ਓਏ ਮਿੱਤਰੋ! ਕਿਉਂ ਤਪੀ ਜਾਨੇ ਹੋ? ਜੜ੍ਹ ਫੜੋ, ਜੜ੍ਹ! ਕਸੂਰ ’ਕੱਲੇ ਲੀਡਰਾਂ ਦਾ ਨ੍ਹੀਂ। ਬੁੱਧੂ ਬਣੀ ਪਰਜਾ ਵੀ ਬਰਾਬਰ ਦੀ ਕਸੂਰਵਾਰ ਹੈ। ਜਾਤਾਂ, ਧਰਮਾਂ ਤੇ ਫ਼ਿਰਕਿਆਂ ’ਚ ਵੰਡ ਰੱਖੀ ਐ। ਚੋਗੇ ਪਾ-ਪਾ ਵਾਰੀ ਬੰਨ੍ਹ ਕੇ ਰਾਜ ਕਰੀ ਜਾਂਦੇ ਨੇ। ਲੋਕ ਭੋਰਾ ਭਰ ਗਰਾਂਟ ਲੈਣ ਲਈ ਲੀਡਰਾਂ ਅੱਗੇ ਲੇਲ੍ਹੜੀਆਂ ਕੱਢੀ ਜਾਣਗੇ। ਸਾਡੀ ਬਿੱਲੀ ਸਾਨੂੰ ਮਿਆਊਂ।’’ ਖਾਨ ਨੇ ਮਾਹੌਲ ਸੰਭਾਲਦਿਆਂ ਗੱਲ ਅੱਗੇ ਤੋਰੀ।
‘‘ਮਿੱਤਰੋ, ਸੁਧਾਰ ਕਰਨੈ ਤਾਂ ਮੈਦਾਨ ’ਚ ਨਿੱਤਰਨਾ ਪੈਣੈ। ਇਕੱਲੀਆਂ ਗੱਲਾਂ ਦਾ ਕੜਾਹ ਬਣਾ ਕੇ ਨ੍ਹੀਂ ਸਰਨਾ। ਸਕੀਮ ਮੈਂ ਦੱਸਦਾਂ!’’
‘‘ਦੱਸ! ਦੱਸ!! ਯਾਰ, ਕਰਾਂਗੇ ਹਿੰਮਤ।’’ ਇਕੱਠੀਆਂ ਉੱਠੀਆਂ ਆਵਾਜ਼ਾਂ ਨੇ ਖਾਨ ਦੀ ਹਿੰਮਤ ਵਧਾ ਦਿੱਤੀ।
‘‘ਦੇਖੋ ਮਿੱਤਰੋ! ਸੁਆਰਥ ਤਿਆਗੋ। ਲੀਡਰ ਕਿਸੇ ਦੇ ਮਿੱਤ ਨ੍ਹੀਂ। ਆਪਾਂ ਬਣਾਉਂਦੇ ਹਾਂ ਦਲਬਦਲੂਆਂ ਵਿਰੁੱਧ ਸਾਂਝਾ ਮੋਰਚਾ। ਪਲਟੂ ਸਾਰੀਆਂ ਪਾਰਟੀਆਂ ’ਚ ਨੇ। ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ। ਹਰ ਫਰੰਟ ’ਤੇ ਦਲਬਦਲੂਆਂ ਦੀ ਮੁਖਾਲਫ਼ਤ ਕਰੋ। ਵੋਟਾਂ ਤੱਕ ਡਟੋ। ਕੰਮ ਦਾ ਲਾਲਚ ਛੱਡੋ। ਸਮਾਂ ਕੱਢੋ। ਇਨ੍ਹਾਂ ਲੀਡਰਾਂ ਨੇ ਸਿਆਸਤ ਨੂੰ ਬਾਪ ਦਾਦੇ ਦੀ ਜੱਦੀ ਜਾਇਦਾਦ ਬਣਾ ਰੱਖਿਐ।’’ ਖਾਨ ਚਿਹਰਿਆਂ ਦੇ ਹਾਵ-ਭਾਵ ਪੜ੍ਹਨ ਲਈ ਥੋੜ੍ਹਾ ਰੁਕਿਆ।
‘‘ਹੁਣ ਗੰਦ ਸਾਫ ਕਰਕੇ ਹਟਣੈ।’’ ਕਈ ਆਵਾਜ਼ਾਂ ਇਕੱਠੀਆਂ ਉੱਠਣੀਆਂ ਸ਼ੁੱਭ ਸ਼ਗਨ ਸੀ।
‘‘ਨਿਰਪੱਖ ਰਹਿ ਭੰਡੀ ਪ੍ਰਚਾਰ ਦੱਬੀ ਚੱਲਿਓ। ਪਾਛੜੂਆਂ ’ਚ ਨਾ ਉਲਝਿਓ। ਵੋਟ ਪਾਉਣ ਲਈ ਵੀ ਜ਼ਰੂਰ ਕਹਿਣੈ। ਅਗਲਾ ਭਾਵੇਂ ਨੋਟਾ ਨੂੰ ਹੀ ਪਾਵੇ। ਮਿੱਤਰੋ ਜਨਤਾ ਅੱਕੀ ਪਈ ਐ। ਘੰਟਿਆਂ ’ਚ ਹੀ ਕਾਫ਼ਲਾ ਬਣ ਜਾਊ। ਪਲਟੂਆਂ ਨੂੰ ਤਾਂ ਨਾਨੀ ਚੇਤੇ ਆ ਜਾਊ। ਵੋਟਾਂ ਆਲੇ ਦਿਨ ਮੋਰਚੇ ਦਾ ਅੱਡ ਬੂਥ ਲਾ ਕੇ ਰਹਿੰਦੀ ਕਸਰ ਕੱਢਣੀ ਐ। ਸੋਸ਼ਲ ਮੀਡੀਆ ’ਤੇ ਭੰਡੀ ਪ੍ਰਚਾਰ ਦਬਣ ਨ੍ਹੀਂ ਦੇਣਾ। ਸਾਡਾ ਨਾਹਰਾ ‘ਵੋਟ ਪਾਉਣ ਜਾਣਾ ਹੈ ਦਲਬਦਲੂ ਹਰਾਉਣਾ ਹੈ’, ‘ਪਲਟੂਆਂ ਨੂੰ ਹਰਾਓ ਦੇਸ਼ ਬਚਾਓ’ ਅਤੇ ‘ਲੋਕ ਏਕਤਾ ਜ਼ਿੰਦਾਬਾਦ’।’’
‘‘ਅੰਕਲ ਜੀ! ’ਕੱਲੇ ਈ ਕੀਹਦੀ ਜ਼ਿੰਦਾਬਾਦ ਕਰੀ ਜਾਨੇ ਹੋ? ਆਹ ਲਓ ਪਾਣੀ ਦਾ ਗਲਾਸ।’’ ਛੋਟੂ ਦੇ ਬੋਲਾਂ ਨੇ ਮੇਰੀ ਬਿਰਤੀ ਤੋੜੀ। ਹੁਣ ਮੈਂ ਦੂਜਾ ਲੱਡੂ ਮੂੰਹ ’ਚ ਪਾਇਆ। ਮੈਨੂੰ ਪਾਣੀ ਦੀਆਂ ਘੁੱਟਾਂ ’ਚੋਂ ਸ਼ਰਬਤ ਦਾ ਸੁਆਦ ਆ ਰਿਹਾ ਸੀ।
ਸੰਪਰਕ: 94786-35500

Advertisement

Advertisement
Author Image

joginder kumar

View all posts

Advertisement