ਡੱਡੂ ਮਾਜਰਾ ’ਚ ਹੀ ਲੱਗੇਗਾ ਗਾਰਬੇਜ ਪ੍ਰੋਸੈਸਿੰਗ ਪਲਾਂਟ
ਮੁਕੇਸ਼ ਕੁਮਾਰ
ਚੰਡੀਗੜ੍ਹ, 12 ਜੂਨ
ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਥੇ ਡੱਡੂਮਾਜਰਾ ਵਿੱਚ ਲਗਾਏ ਜਾਣ ਵਾਲੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਵਿਰੁੱਧ ਵਿਰੋਧੀ ਪਾਰਟੀਆਂ ਵੱਲੋਂ ਦਾਇਰ ਕੀਤੇ ਜਾ ਰਹੇ ਇਤਰਾਜ਼ਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ। ਚੰਡੀਗੜ੍ਹ ਸਕੱਤਰੇਤ ਵਿੱਚ ਸੱਦੀ ਗਈ ਇਸ ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੌਂਸਲਰਾਂ ਨੂੰ ਸਪੱਸ਼ਟ ਕੀਤਾ ਕਿ ਇਹ ਪਲਾਂਟ ਡੱਡੂ ਮਾਜਰਾ ਵਿੱਚ ਹੀ ਲਗਾਇਆ ਜਾਵੇਗਾ ਤੇ ਇਸ ਪਲਾਂਟ ਲਈ ਸ਼ਹਿਰ ਵਿੱਚ ਕਿਤੇ ਹੋਰ ਥਾਂ ਨਹੀਂ ਹੈ। ਦੂਜੇ ਪਾਸੇ ਡੱਡੂ ਮਾਜਰਾ ਦੀ ਇਹ ਜ਼ਮੀਨ ਸਾਲ 1987 ਵਿੱਚ ਕੂੜਾ ਸੁੱਟਣ ਸਬੰਧੀ ਸ਼ਹਿਰ ਦੇ ਮਾਸਟਰ ਪਲਾਨ ਵਿੱਚ ਦਰਜ ਕੀਤੀ ਗਈ ਸੀ। ਉਨ੍ਹਾਂ ਮੀਟਿੰਗ ਦੌਰਾਨ ਕੌਂਸਲਰਾਂ ਨੂੰ ਨਿਗਮ ਦੀ ਹਾਊਸ ਮੀਟਿੰਗ ਵਿੱਚ ਮਰਿਆਦਾ ਕਾਇਮ ਰੱਖਣ ਦੇ ਨਾਲ-ਨਾਲ ਲੜਾਈ ਝਗੜਾ ਨਾ ਕਰਨ ਦੀ ਨਸੀਹਤ ਵੀ ਦਿੱਤੀ।
ਮੀਟਿੰਗ ਵਿੱਚ ਸ਼ਾਮਲ ਹੋਏ ‘ਆਪ’ ਦੇ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਪ੍ਰਸ਼ਾਸਕ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨੂੰ ਮੀਟਿੰਗ ਵਿੱਚੋਂ ਬਾਹਰ ਕਰ ਕੇ 6 ਜੂਨ ਨੂੰ ਹੋਈ ਨਿਗਮ ਹਾਊਸ ਦੀ ਮੀਟਿੰਗ ਵਿੱਚ ਜਿਸ ਤਰ੍ਹਾਂ ਸੌਲਿਡ ਵੇਸਟ ਪਲਾਂਟ ਦਾ ਏਜੰਡਾ ਪਾਸ ਕੀਤਾ ਗਿਆ, ਉਹ ਗਲਤ ਹੈ। ਅਜਿਹੀ ਸਥਿਤੀ ਵਿੱਚ ਨਿਗਮ ਹਾਊਸ ਦੀ ਦੁਬਾਰਾ ਮੀਟਿੰਗ ਹੋਣੀ ਚਾਹੀਦੀ ਹੈ। ਇਸ ਏਜੰਡੇ ‘ਤੇ ਦੁਬਾਰਾ ਚਰਚਾ ਕੀਤੀ ਜਾਵੇ ਅਤੇ ਸਾਰੇ ਕੌਂਸਲਰਾਂ ਦੀ ਸਹਿਮਤੀ ਤੋਂ ਬਾਅਦ ਹੀ ਇਸ ਨੂੰ ਪਾਸ ਕੀਤਾ ਜਾਵੇ। ਇਸੇ ਤਰ੍ਹਾਂ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਵਿਕਾਸ ਦੇ ਵਿਰੁੱਧ ਨਹੀਂ ਹਨ ਪਰ ਇਸ ਦੇ ਨਾਲ-ਨਾਲ ਇਲਾਕਾ ਵਾਸੀਆਂ ਨੂੰ ਇਸ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਡੱਡੂਮਾਜਰਾ ਦੇ ਵਸਨੀਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਦੂਜਾ ਐਂਟਰੀ ਪੁਆਇੰਟ ਹੋਣ ਕਾਰਨ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਬਦਬੂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਜੇਕਰ ਸੜਕ ਤੋਂ 300 ਮੀਟਰ ਅੰਦਰ ਪਲਾਂਟ ਲਗਾਇਆ ਜਾਵੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਡੱਡੂ ਮਾਜਰਾ ਦਾ ਡੰਪਿੰਗ ਗਰਾਊਂਡ ਚੰਡੀਗੜ੍ਹ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇੱਥੋਂ ਦੇ ਕੂੜੇ ਨੂੰ ਪ੍ਰੋਸੈਸ ਕਰਨਾ ਜ਼ਰੂਰੀ ਹੈ ਤਾਂ ਜੋ ਚੰਡੀਗੜ੍ਹ ਸਾਫ਼-ਸੁਥਰਾ ਰਹੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਕੂੜਾ ਪ੍ਰਬੰਧਨ ਦਾ ਕੰਮ ਨਾਗਪੁਰ ਵਿੱਚ ਸਥਿਤ ਨੈਸ਼ਨਲ ਐਨਵਾਇਰਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਨੂੰ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੱਡੂ ਮਾਜਰਾ ਵਿੱਚ ਪਲਾਂਟ ਲਗਾਉਣ ਲਈ ਸ਼ਹਿਰ ਵਿੱਚ ਹੋਰ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਮਜੂਦਾ ਸਮੇਂ ਇੱਥੇ ਡੱਡੂ ਮਾਜਰਾ ਡੰਪਿੰਗ ਗਰਾਊਂਡ ਦਾ ਕੂੜਾ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ, ਪਰ ਜਦੋਂ ਪਲਾਂਟ ਲੱਗ ਜਾਵੇਗਾ ਤਾਂ ਬਹੁਤ ਫਰਕ ਪਵੇਗਾ ਅਤੇ ਇਹ ਸਮੱਸਿਆ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗੋਆ ਵਿੱਚ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਸਾਰੇ ਕੌਂਸਲਰਾਂ ਨੂੰ ਉੱਥੇ ਜਾ ਕੇ ਪਲਾਂਟ ਦਾ ਮੁਆਇਨਾ ਕਰਨ ਦੀ ਸਲਾਹ ਦਿੱਤੀ। ਪ੍ਰਸ਼ਾਸਕ ਨੇ ਇਸ ਪਲਾਂਟ ਦਾ ਵਿਰੋਧ ਕਰ ਰਹੇ ਕੌਂਸਲਰਾਂ ਨਾਲ ਵਾਅਦਾ ਕੀਤਾ ਕਿ ਚੰਡੀਗੜ੍ਹ ਵਿੱਚ ਪਲਾਂਟ ਦਾ ਕੰਮ ਸ਼ੁਰੂ ਹੋਣ ‘ਤੇ ਉਹ ਹਰ ਤਿੰਨ ਮਹੀਨੇ ਬਾਅਦ ਖੁਦ ਉੱਥੇ ਜਾ ਕੇ ਜਾਂਚ ਕਰਨਗੇ। ਕੌਂਸਲਰਾਂ ਨੂੰ ਪ੍ਰਾਜੈਕਟ ਦੀ ਪ੍ਰੀ-ਬਿੱਡ ਵਿੱਚ ਤਕਨੀਕੀ ਨੁਕਤਿਆਂ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਸ ਪੂਰੇ ਮਾਮਲੇ ‘ਤੇ ਪਾਰਦਰਸ਼ਤਾ ਬਣਾ ਕੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੀ-ਬਿਡ ‘ਤੇ ਚਰਚਾ ਕਰਨ ਲਈ ਸਾਰੀਆਂ ਪਾਰਟੀਆਂ ਤੋਂ ਇੱਕ-ਇੱਕ ਕੌਂਸਲਰ ਸ਼ਾਮਲ ਕੀਤਾ ਜਾਵੇਗਾ।
ਏਜੰਡਾ ਪਾਸ ਕਰਨ ਤੋਂ ਪਹਿਲਾਂ ਸਾਰਿਆਂ ਦੇ ਵਿਚਾਰ ਸੁਣਨੇ ਚਾਹੀਦੇ ਸਨ: ਰਾਵਤ
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੀ ਕੌਂਸਲਰ ਗੁਰਬਖਸ਼ ਕੌਰ ਰਾਵਤ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਨਿਗਮ ਦੇ ਨਾਲ ਹਨ, ਪਰ ਉਨ੍ਹਾਂ ਦੀ ਮੰਗ ਹੈ ਕਿ ਐਨੇ ਵੱਡੇ ਪ੍ਰਾਜੈਕਟ ਸਬੰਧੀ ਏਜੰਡਾ ਪਾਸ ਕਰਨ ਤੋਂ ਪਹਿਲਾਂ ਹਾਊਸ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਸੀ। ਚੰਗਾ ਹੁੰਦਾ ਜੇਕਰ ਇਸ ਏਜੰਡੇ ਨੂੰ ਪਾਸ ਕਰਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਦੇ ਵਿਚਾਰ ਅਤੇ ਸੁਝਾਅ ਸੁਣੇ ਜਾਂਦੇ।
ਸਿਰਫ ਨਾਮ ਦੀ ਮੀਟਿੰਗ ਸੀ: ‘ਆਪ’
‘ਆਪ’ ਕੌਂਸਲਰ ਜਸਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਮੀਟਿੰਗ ਵਿੱਚ ਉਨ੍ਹਾਂ ਦੀ ਮੰਗ ਦਾ ਕੋਈ ਹੱਲ ਨਹੀਂ ਹੋਇਆ। ਇਸ ਪ੍ਰਾਜੈਕਟ ਸਬੰਧੀ ਨਿਗਮ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਏਜੰਡੇ ਨੂੰ ਉਹ ਪ੍ਰਵਾਨ ਨਹੀਂ ਕਰਦੇ ਅਤੇ ਭਵਿੱਖ ਵਿੱਚ ਵੀ ਇਸ ਦਾ ਵਿਰੋਧ ਕਰਦੇ ਰਹਿਣਗੇ। ‘ਆਪ’ ਕੌਂਸਲਰ ਕੁਲਦੀਪ ਟੀਟਾ ਨੇ ਪ੍ਰਸ਼ਾਸਕ ਵੱਲੋਂ ਸੱਦੀ ਮੀਟਿੰਗ ਨੂੰ ਸਿਰਫ਼ ਨਾਮ ਦੀ ਮੀਟਿੰਗ ਦੱਸਦੇ ਹੋਏ ਕਿਹਾ ਕਿ ਦਰਅਸਲ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਡੱਡੂਮਾਜਰਾ ਵਿੱਚ ਹੀ ਸੌਲਿਡ ਵੇਸਟ ਪਲਾਂਟ ਲਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਜਿਵੇਂ ਹੀ ਪ੍ਰਸ਼ਾਸਕ ਅੱਗੇ ਆਪਣਾ ਪੱਖ ਪੇਸ਼ ਕਰਨਾ ਚਾਹਿਆ ਤਾਂ ਉਹ ਮੀਟਿੰਗ ਤੋਂ ਉੱਠ ਕੇ ਚਲੇ ਗਏ। ਉਨ੍ਹਾਂ ਪ੍ਰਸ਼ਾਸਕ ਨੂੰ ਬੇਨਤੀ ਕੀਤੀ ਕਿ ਉਹ ਇੱਕ ਵਾਰ ਆ ਕੇ ਡੱਡੂਮਾਜਰਾ ਵਿੱਚ ਡੰਪਿੰਗ ਗਰਾਊਂਡ ਕਾਰਨ ਸਥਾਨਕ ਲੋਕਾਂ ਨੂੰ ਆ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੇਖ ਲੈਣ। ਕੌਂਸਲਰ ਕੁਲਦੀਪ ਟੀਟਾ ਨੇ ਕਿਹਾ ਕਿ ਹੁਣ ਇਸ ਸਬੰਧੀ ਸਥਾਨਕ ਲੋਕਾਂ ਨਾਲ ਗੱਲ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।