ਕੂੜੇ ਦੇ ਢੇਰਾਂ ਨੇ ਮਾਲੇਰਕੋਟਲਾ ਦੀ ਦਿੱਖ ਵਿਗਾੜੀ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 23 ਨਵੰਬਰ
ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਨੂੰ ਸੁਧਾਰਨ ਅਤੇ ਸਫ਼ਾਈ ਦੇ ਮਾਮਲੇ ਵਿੱਚ ਚੰਗਾ ਰੈਂਕ ਹਾਸਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਵੀ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਗਲੀ-ਮੁਹੱਲਿਆਂ ‘ਚ ਆਮ ਹੀ ਕੂੜਾ ਖਿਲਰਿਆ ਜਾਂ ਗੰਦਗੀ ਦੇ ਛੋਟੇ-ਵੱਡੇ ਢੇਰ ਦੇਖੇ ਜਾ ਸਕਦੇ ਹਨ। ਸ਼ਹਿਰ ਵਿੱਚ ਕਈ ਥਾਈਂ ਸਥਿਤੀ ਅਜਿਹੀ ਹੈ ਕਿ ਕੂੜਾਦਾਨ ਖ਼ਾਲੀ ਪਏ ਹਨ ਤੇ ਗਲੀਆਂ-ਮੁਹੱਲਿਆਂ ਵਿੱਚ ਖ਼ਾਲੀ ਪਏ ਪਲਾਟਾਂ ’ਚ ਕੂੜੇ ਦੇ ਢੇਰ ਲੱਗੇ ਪਏ ਹਨ।
ਮਾਸਟਰ ਮੇਲਾ ਸਿੰਘ ਤੇ ਮਾਸਟਰ ਮੇਜਰ ਸਿੰਘ ਨੇ ਕਿਹਾ ਮੁਹੱਲਾ ਸੁਧਾਰ ਕਮੇਟੀਆਂ ਨੂੰ ਲੋਕਾਂ ਨੂੰ ਖਾਲੀ ਪਲਾਟਾਂ ਵਿੱਚ ਕੂੜਾ ਨਾ ਸੁੱਟਣ ਦੀ ਬਜਾਏ ਕੌਂਸਲ ਦੇ ਕੂੜਾ ਵਾਹਨਾਂ ’ਚ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਪਰਮੇਸ਼ਰ ਸਿੰਘ ਚਹਿਲ ਅਤੇ ਇੰਜਨੀਅਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਆਪ ਨੂੰ ਪੜ੍ਹੇ-ਲਿਖੇ ਕਹਾਉਣ ਵਾਲੇ, ਮੁਹੱਲਾ ਸੁਧਾਰ ਕਮੇਟੀਆਂ ਅਤੇ ਹੋਰ ਸਮਾਜਿਕ-ਧਾਰਮਿਕ ਸੰਸਥਾਵਾਂ ਦੇ ਬਹੁਤ ਸਾਰੇ ਅਹੁਦੇਦਾਰ ਤੇ ਮੈਂਬਰ ਵੀ ਆਪਣੇ ਘਰਾਂ ਦਾ ਕੂੜਾ, ਬਚਿਆ ਭੋਜਨ ਖ਼ਾਲੀ ਪਲਾਟਾਂ ਵਿੱਚ ਸੁੱਟ ਦਿੰਦੇ ਹਨ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਪਰਅਪਾਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਰੋਜ਼ਾਨਾ 300 ਸਫ਼ਾਈ ਕਰਮਚਾਰੀ, 33 ਕੂੜਾ ਢੋਣ ਵਾਲੇ ਵਾਹਨ ਅਤੇ 11 ਟਰੈਕਟਰ-ਟਰਾਲੀਆਂ ਸਫ਼ਾਈ ਦੇ ਕੰਮ ਵਿੱਚ ਲੱਗੇ ਹੋਏ ਹਨ। ਕੂੜਾ ਢੋਣ ਵਾਲੇ ਵਾਹਨ ਰੋਜ਼ਾਨਾ ਗਲੀ-ਗਲੀ ਜਾ ਕੇ ਕੂੜਾ ਇਕੱਠਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੌਂਸਲ ਦੇ 8 ਮੋਟੀਵੇਟਰ ਅਤੇ ਦੋ ਕਮਿਊਨਿਟੀ ਫੈਸੀਲੀਟੇਟਰ ਘਰ-ਘਰ ਜਾ ਕੇ ਲੋਕਾਂ ਨੂੰ ਗਿੱਲਾ-ਸੁੱਕਾ ਕੂੜਾ ਕੌਂਸਲ ਦੇ ਕੂੜਾ ਵਾਹਨ ਵਿੱਚ ਪਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ ਸ਼ਹਿਰ ਵਾਸੀ ਪ੍ਰਸ਼ਾਸਨ ਦਾ ਸਾਥ ਦੇਣ।