ਪਟਿਆਲਾ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ
ਖੇਤਰੀ ਪ੍ਰਤੀਨਿਧ
ਪਟਿਆਲਾ, 18 ਨਵੰਬਰ
ਸ਼ਾਹੀ ਸ਼ਹਿਰ ਵਜੋਂ ਜਾਣੇ ਜਾਂਦੇ ਪਟਿਆਲਾ ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣੇ ਹੋਏ ਹਨ। ਕੂੜੇ ਦੇ ਇਨ੍ਹਾਂ ਢੇਰਾਂ ਕਾਰਨ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਸਥਾਨਕ ਸ਼ਹਿਰ ਦੇ ਛੋਟੀ ਬਾਰਾਂਦਰੀ ਇਲਾਕੇ ’ਚ ਸਾਫ਼ ਸਫ਼ਾਈ ਦੀ ਹਮੇਸ਼ਾ ਹੀ ਘਾਟ ਰਹਿੰਦੀ ਹੈ।
ਇਥੇ ਹੀ ਇੰਪਰੂਵਮੈਂਟ ਟਰੱਸਟ ਦੇ ਬਿਲਕੁਲ ਸਾਹਮਣੇ ਸਥਿੱਤ ਬਹੁਮੰਜ਼ਿਲੀ ‘ਬੇਅੰਤ ਸਿੰਘ ਸ਼ਾਪਿੰਗ ਕਪਲੈਕਸ’ ਦੇ ਨਜ਼ਦੀਕ ਸਫਾਈ ਦੀ ਘਾਟ ਹੈ। ਇਸ ਦੀ ਸਿਖਰਲੀ ਮੰਜ਼ਿਲ ’ਤੇ ਸਥਿਤ ਪਾਣੀ ਦੀਆਂ ਟੈਂਕੀਆਂ ਲੀਕ ਕਰਦੀਆਂ ਹੋਣ ਕਾਰਨ ਇਸ ਇਮਾਰਤ ਦੇ ਕੋਲੋਂ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਕਈ ਥਾਈਂ ਹਮੇਸ਼ਾ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਕੰਮਾ ਕਾਰਾਂ ਲਈ ਇਥੇ ਆਉਣ ਵਾਲੇ ਲੋਕ ਇਥੋਂ ਦੇ ਦੁਕਾਨਦਾਰਾਂ ਨੂੰ ਸਫ਼ਾਈ ਦੀ ਘਾਟ ਸਬੰਧੀ ਅਕਸਰ ਹੀ ਉਲਾਂਭਾ ਦੇ ਕੇ ਜਾਂਦੇ ਹਨ। ਇਸ ਇਮਾਰਤ ਦੇ ਨਜ਼ਦੀਕ ਹੀ ਸਥਿਤ ਸੀਵਰੇਜ ਦਾ ਇੱਕ ਪੁਆਇੰਟ ਅਜਿਹਾ ਹੈ, ਜੋ ਅਕਸਰ ਹੀ ਲੀਕ ਕਰਦਾ ਰਹਿੰਦਾ ਹੈ। ਮਹਿਕਮੇ ਦੇ ਮੁਲਾਜ਼ਮ ਇਸ ਨੂੰ ਠੀਕ ਵੀ ਕਰਦੇ ਰਹਿੰਦੇ ਹਨ, ਪਰ ਪੰਜ ਸੱਤ ਦਿਨਾਂ ਮਗਰੋਂ ਮੁੜ ਤੋਂ ਇਥੋਂ ਲੀਕੇਜ ਹੋਣ ਲੱਗਦੀ ਹੈ। ਇਸ ਕਾਰਨ ਇਥੋਂ ਨਿਕਲਦਾ ਸੀਵਰੇਜ ਦਾ ਪਾਣੀ ਦੂਰ ਤੱਕ ਫੈਲ ਜਾਂਦਾ ਹੈ। ਇਸੇ ਤਰ੍ਹਾਂ ਛੋਟੀ ਬਾਰਾਂਦਰੀ ਦਾ ਹੀ ਹਿੱਸਾ ਮਾਲਵਾ ਸਿਨੇਮਾ ਦੇ ਪਿੱਛੇ ਤਕਰੀਬਨ 20 ਫੁੱਟ ਲੰਮਾ ਅਤੇ ਛੇ ਫੁੱਟ ਚੌੜਾ ਕੂੜੇ ਦਾ ਢੇਰ ਵੀ ਅਕਸਰ ਲੱਗਾ ਰਹਿੰਦਾ ਹੈ।
ਇਥੇ ਸ਼ੇਰਾਂ ਵਾਲਾ ਗੇਟ, ਫੁਹਾਰਾ ਚੌਕ ਅਤੇ ਖਾਸ ਕਰਕੇ ਇਸ ਖੇਤਰ ਵਿਚਲੀਆਂ ਕਈ ਬੈਂਕਾਂ, ਇੰਸਟੀਚਿਊਟਸ ਆਦਿ ਵਾਲਿਆਂ ਵੱਲੋਂ ਆਪਣਾ ਕੂੜਾ ਡੰਪ ਕੀਤਾ ਜਾਂਦਾ ਹੈ। ਇਹ ਕੂੜਾ ਕਈ ਕਈ ਦਿਨਾਂ ਤੱਕ ਇਥੇ ਹੀ ਪਿਆ ਰਹਿੰਦਾ ਹੈ। ਇਸ ਇਲਾਕੇ ਦੇ ਵਸਨੀਕਾਂ ਜਸਵਿੰਦਰ ਜੁਲਕਾ, ਜੀਵਨ ਰਾਮ, ਕੁਲਭੂਸ਼ਨ ਕੁਮਾਰ, ਹੈਰੀ ਸਿੰਘ, ਅਤੇ ਆਤਮ ਕੁਮਾਰ, ਧਰਮਿੰਦਰ ਸਿੰਘ ਤੇ ਮੁਕੇਸ਼ ਕੁਮਾਰ ਆਦਿ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਥੇ ਸੁੱਟੇ ਜਾਂਦੇ ਕੁੜੇ ਦਾ ਸਥਾਈ ਹੱਲ ਕੀਤਾ ਜਾਵੇ।