ਪਾਵਰਕੌਮ ਦੇ ਦਾਤਾਰਪੁਰ ਦਫ਼ਤਰ ਕੋਲ ਕੂੜੇ ਦੇ ਢੇਰ ਲੱਗੇ
ਜਗਜੀਤ ਸਿੰਘ
ਮੁਕੇਰੀਆਂ, 1 ਅਕਤੂਬਰ
ਪਾਵਰਕੌਮ ਦੇ ਦਾਤਾਰਪੁਰ ਦਫ਼ਤਰ ਕੋਲ ਲੋਕਾਂ ਵੱਲੋਂ ਸੁੱਟੀ ਜਾ ਰਹੀ ਗੰਦਗੀ ਕਾਰਨ ਦਫ਼ਤਰੀ ਮੁਲਾਜ਼ਮਾਂ ਅਤੇ ਆਪਣੇ ਕੰਮਾਂ ਲਈ ਬਿਜਲੀ ਦਫ਼ਤਰ ਆਉਂਦੇ ਖਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗੀ ਐੱਸਡੀਓ ਨੇ ਐੱਸਡੀਐੱਮ ਨੂੰ ਪੱਤਰ ਲਿਖ ਕੇ ਇਸ ਸਬੰਧੀ ਯੋਗ ਹਦਾਇਤਾਂ ਕਰਨ ਦੀ ਮੰਗ ਕੀਤੀ ਹੈ। ਉੱਪ ਮੰਡਲ ਅਫਸਰ ਦਾਤਾਰਪੁਰ ਦੇ ਇੰਜਨੀਅਰ ਰਾਮ ਲਾਲ ਨੇ ਦੱਸਿਆ ਕਿ ਦਫ਼ਤਰ ਦੇ ਨਜ਼ਦੀਕ ਕੁਝ ਲੋਕਾਂ ਵੱਲੋਂ ਕਾਫੀ ਅਰਸੇ ਤੋਂ ਗੰਦਗੀ ਸੁੱਟੀ ਜਾ ਰਹੀ ਹੈ। ਕਸਬੇ ਦੇ ਕੁਝ ਘਰਾਂ ਦੀ ਸੀਵਰੇਜ ਵੀ ਇੱਥੇ ਖੁੱਲ੍ਹਾ ਛੱਡਿਆ ਹੋਇਆ ਹੈ। ਗੰਦਗੀ ਜਦੋਂ ਸੀਵਰੇਜ ਦੇ ਪਾਣੀ ਵਿੱਚ ਮਿਲਦੀ ਹੈ ਤਾਂ ਬਦਬੂ ਨਾਲ ਦਫ਼ਤਰੀ ਮੁਲਾਜ਼ਮਾਂ ਨੂੰ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਖਪਤਕਾਰਾਂ ਨੂੰ ਵੀ ਭਾਰੀ ਮੁਸ਼ਕਲ ਆਉਂਦੀ ਹੈ। ਗੰਦਗੀ ਦੇ ਢੇਰਾਂ ਉੱਤੇ ਫਿਰਦੇ ਅਵਾਰਾ ਪਸ਼ੂ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਖਿਲਾਰ ਦਿੰਦੇ ਹਨ, ਜਿਸ ਕਾਰਨ ਸਾਰਾ ਖੇਤਰ ਬਦਬੂਦਾਰ ਹੁੰਦਾ ਜਾ ਰਿਹਾ ਹੈ। ਵਾਤਾਵਰਣ ਪਲੀਤ ਹੋਣ ਕਾਰਨ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਅਵਾਰਾ ਪਸ਼ੂ ਦਫ਼ਤਰ ਦੇ ਬਾਹਰ ਅੱਡਾ ਬਣਾ ਕੇ ਬੈਠੇ ਰਹਿੰਦੇ ਹਨ, ਜਿਹੜੇ ਕਿ ਮੁਲਾਜ਼ਮਾਂ ਅਤੇ ਖਪਤਕਾਰਾਂ ਦਾ ਕਿਸੇ ਵੇਲੇ ਵੀ ਜਾਨੀ ਨੁਕਸਾਨ ਕਰ ਸਕਦੇ ਹਨ। ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਦਫ਼ਤਰ ਵਲੋਂ ਕਈ ਵਾਰ ਪਿੰਡ ਦੇ ਸਰਪੰਚ ਨੂੰ ਜਾਣੂ ਕਰਵਾ ਕੇ ਮਸਲੇ ਦੇ ਹੱਲ ਲਈ ਆਖਿਆ ਗਿਆ ਸੀ। ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਪੰਚਾਇਤ ਜਾਂ ਸਰਪੰਚ ਵਲੋਂ ਇਸ ਮਸਲੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਐੱਸਡੀਐੱਮ ਮੁਕੇਰੀਆਂ ਨੂੰ ਪੱਤਰ ਲਿਖ ਕੇ ਦਫ਼ਤਰੀ ਅਮਲੇ, ਖਪਤਕਾਰਾਂ ਅਤੇ ਸਥਾਨਿਕ ਲੋਕਾਂ ਦੀ ਸਿਹਤਯਾਬੀ ਲਈ ਇਸ ਕੂੜੇ ਅਤੇ ਸੀਵਰੇਜ ਦੇ ਪਾਣੀ ਦੇ ਢੁਕਵੇਂ ਪ੍ਰਬੰਧਾਂ ਲਈ ਸਬੰਧਿਤ ਅਧਿਕਾਰੀਆਂ/ਪੰਚਾਇਤ ਨੂੰ ਹਦਾਇਤ ਕਰਨ ਦੀ ਮੰਗ ਕੀਤੀ ਹੈ।