For the best experience, open
https://m.punjabitribuneonline.com
on your mobile browser.
Advertisement

ਕੂੜੇ ਦੇ ਪਹਾੜ ਬਰਕਰਾਰ, ਨਿਗਮ ਵੱਲੋਂ ਖ਼ਰਚੇ 57 ਕਰੋੜ ਬੇਕਾਰ

10:59 AM Oct 09, 2024 IST
ਕੂੜੇ ਦੇ ਪਹਾੜ ਬਰਕਰਾਰ  ਨਿਗਮ ਵੱਲੋਂ ਖ਼ਰਚੇ 57 ਕਰੋੜ ਬੇਕਾਰ
ਤਾਜਪੁਰ ਰੋਡ ’ਤੇ ਲੱਗੇ ਕੂੜੇ ਦੇ ਪਹਾੜ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਕਤੂਬਰ
ਨਗਰ ਨਿਗਮ ਲੁਧਿਆਣਾ ਹਰ ਸਾਲ ਕਰੋੜਾਂ ਰੁਪਏ ਕੂੜੇ ਦੇ ਨਿਪਟਾਰੇ ਲਈ ਖਰਚ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਤਾਜਪੁਰ ਰੋਡ ’ਤੇ ਕੂੜੇ ਦੇ ਪਹਾੜ ਵਧਦੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਇੱਕ ਕੰਪਨੀ ਨੂੰ 57 ਕਰੋੜ ਰੁਪਏ ਕੂੜੇ ਦੇ ਨਿਪਟਾਰੇ ਲਈ ਦਿੱਤੇ ਜਾ ਚੁੱਕੇ ਹਨ। ਇਸ ਸਮੇਂ 95 ਵਾਰਡਾਂ ਵਿੱਚੋਂ ਰੋਜ਼ਾਨਾ 1200 ਮੀਟ੍ਰਿਕ ਟਨ ਕੂੜਾ ਪੈਦਾ ਹੋ ਰਿਹਾ ਹੈ। ਐੱਨਜੀਟੀ ਨੇ ਨਿਗਮ ਦੀ ਕਾਰਜਪ੍ਰਣਾਲੀ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ 100 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। ਨਿਗਮ ਨੇ ਕੂੜੇ ਦੇ ਨਿਪਟਾਰੇ ਲਈ ਕਈ ਯੋਜਨਾਵਾਂ ਤਿਆਰ ਕੀਤੀਆਂ, ਪਰ ਉਹ ਅੱਧ ਵਿਚਾਲੇ ਹੀ ਦਮ ਤੋੜ ਗਈਆਂ। ਨਤੀਜਾ ਇਹ ਹੋਇਆ ਕਿ ਤਾਜਪੁਰ ਡੰਪ ਵਾਲੀ ਥਾਂ ’ਤੇ 35 ਫੁੱਟ ਤੱਕ ਕੂੜੇ ਦਾ ਪਹਾੜ ਬਣ ਗਿਆ। ਸਾਲ 2020 ਵਿੱਚ ਤਾਜਪੁਰ ਡੰਪ ਸਾਈਟ ’ਤੇ 12 ਲੱਖ ਟਨ ਕੂੜਾ ਸੀ। ਜੋ ਹੁਣ ਨਿਪਟਾਰਾ ਨਾ ਹੋਣ ਕਾਰਨ ਇਹ 20 ਲੱਖ ਮੀਟ੍ਰਿਕ ਟਨ ਹੋ ਗਿਆ ਹੈ। ਐੱਨਜੀਟੀ ਦੀ ਸਖ਼ਤੀ ਤੋਂ ਬਾਅਦ ਨਿਗਮ ਨੇ 27 ਕਰੋੜ ਤੋਂ 5 ਲੱਖ ਟਨ ਕੂੜੇ ਦੀ ਬਾਇਓਰੀਮੀਡੀਏਸ਼ਨ ਕਰਨ ਦੀ ਯੋਜਨਾ ਬਣਾਈ ਸੀ, ਜਿਸ ਵਿੱਚੋਂ 4.60 ਲੱਖ ਮੀਟ੍ਰਿਕ ਟਨ ਦਾ ਦੋ ਸਾਲਾਂ ਵਿੱਚ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਕੂੜੇ ਨੂੰ ਖਤਮ ਕਰਨ ਲਈ ਕੇਂਦਰ ਤੋਂ ਮਿਲੇ 30 ਕਰੋੜ ਰੁਪਏ ਵੀ ਖਰਚੇ ਜਾ ਚੁੱਕੇ ਹਨ, ਪਰ ਸਥਿਤੀ ਜਿਉਂ ਦੀ ਤਿਉਂ ਹੈ। ਦਰਅਸਲ ਨਿਗਮ ਨੇ ਪੰਜ ਲੱਖ ਟਨ ਕੂੜੇ ਦੇ ਨਿਪਟਾਰੇ ਦੀ ਯੋਜਨਾ ਬਣਾਈ ਸੀ, ਪਰ ਰੋਜ਼ਾਨਾ ਪੈਦਾ ਹੋਣ ਵਾਲੇ 1200 ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਦੀ ਕੋਈ ਯੋਜਨਾ ਨਹੀਂ ਬਣਾਈ। ਇਸ ਕਾਰਨ 57 ਕਰੋੜ ਰੁਪਏ ਖਰਚਣ ਤੋਂ ਬਾਅਦ ਵੀ ਕੂੜਾ ਦਾ ਪਹਾੜ ਘਟਣ ਦੀ ਥਾਂ ਵਧ ਗਿਆ। ਕੂੜੇ ਦਾ ਨਿਪਟਾਰਾ ਨਾ ਕਰਨ ਦਾ ਮਾਮਲਾ ਵੀ ਐੱਨਜੀਟੀ ਵਿੱਚ ਦਾਇਰ ਕੀਤਾ ਗਿਆ ਸੀ। ਨਿਗਮ ਨੇ ਐੱਨਜੀਟੀ ਨੂੰ ਦੱਸਿਆ ਕਿ ਉਨ੍ਹਾਂ ਨੇ 100 ਕਰੋੜ ਅਤੇ 50 ਕਰੋੜ ਰੁਪਏ ਦੇ ਦੋ ਟੈਂਡਰ ਮੰਗੇ ਹਨ। ਨਿਗਮ ਨੇ 400 ਮੀਟ੍ਰਿਕ ਟਨ ਰੋਜ਼ਾਨਾ ਰਹਿੰਦ-ਖੂੰਹਦ ਨੂੰ ਹਰੇ ਚਾਰਕੋਲ ਵਿੱਚ ਤਬਦੀਲ ਕਰਨ ਲਈ ਚੇਨਈ ਦੀ ਇੱਕ ਫਰਮ ਨਾਲ ਸਮਝੌਤਾ ਕੀਤਾ ਹੈ। ਤਿੰਨ ਸਾਲਾਂ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰਾਜੈਕਟ ਤਹਿਤ, ਫਰਮ 400 ਮੀਟ੍ਰਿਕ ਟਨ (ਪ੍ਰਤੀ ਦਿਨ) ਕੂੜੇ ਨੂੰ ਹਰੇ ਚਾਰਕੋਲ ਵਿੱਚ ਤਬਦੀਲ ਕਰੇਗੀ। ਕੂੜੇ ਨੂੰ ਥਰਮੋਕੈਮੀਕਲ ਰਿਐਕਸ਼ਨ ਰਾਹੀਂ ਹਰੇ ਚਾਰਕੋਲ ਵਿੱਚ ਬਦਲਿਆ ਜਾਵੇਗਾ। ਉੱਧਰ, ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਦੁਬਾਰਾ ਤੋਂ ਵੱਧ ਵੱਖ ਕੰਪਨੀਆਂ ਨਾਲ ਕੂੜੇ ਦੇ ਨਿਪਟਾਰੇ ਲਈ ਵੱਖ-ਵੱਖ ਕਰਾਰ ਕੀਤੇ ਜਾ ਰਹੇ ਹਨ ਜਿਸਨੂੰ ਜ਼ਮੀਨੀ ਪੱਧਰ ’ਤੇ ਆਉਂਦਿਆਂ ਹੀ ਇਹ ਕੂੜੇ ਦੇ ਪਹਾੜ ਦੀ ਸਮੱਸਿਆ ਦੂਰ ਹੋ ਜਾਵੇਗੀ।

Advertisement

Advertisement
Advertisement
Author Image

sukhwinder singh

View all posts

Advertisement