ਸਨਅਤੀ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ
ਸਤਵਿੰਦਰ ਬਸਰਾ
ਲੁਧਿਆਣਾ, 3 ਨਵੰਬਰ
ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਉਣ ਲਈ ਹਰ ਸਾਲ ਲੋਕ ਆਪਣੇ ਘਰਾਂ ਦੀ ਸਫਾਈ ਕਰਦੇ ਹਨ ਤੇ ਘਰ ਨੂੰ ਅੰਦਰੋਂ ਬਾਹਰੋਂ ਚਮਕਾਉਂਦੇ ਹਨ। ਇਸ ਵਾਰ ਵੀ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ ਵੱਡੇ ਪੱਧਰ ’ਤੇ ਸਫਾਈ ਕੀਤੀ ਪਰ ਸਫਾਈ ਦੌਰਾਨ ਘਰਾਂ ’ਚੋਂ ਨਿਕਲਣ ਵਾਲਾ ਕੂੜਾ ਤੇ ਹੋਰ ਵਾਧੂ ਸਾਮਾਨ ਵੱਡੀ ਗਿਣਤੀ ਲੋਕਾਂ ਵੱਲੋਂ ਸੜਕਾਂ ਕਿਨਾਰੇ ਸੁੱਟ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕਈ ਥਾਈਂ ਸੜਕਾਂ ਕਿਨਾਰੇ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ ਜੋ ਇਸ ਸਮਾਰਟ ਸਿਟੀ ਦੇ ਮੱਥੇ ’ਤੇ ਦਾਗ਼ ਵਾਂਗਰ ਦਿਖ ਰਹੇ ਹਨ।
ਇੱਕ ਪਾਸੇ ਤਿਉਹਾਰ ਤੋਂ ਪਹਿਲਾਂ ਘਰਾਂ ਦੁਕਾਨਾਂ ਵਿੱਚ ਕੀਤੀ ਗਈ ਸਫਾਈ ਤੇ ਦੂਜੇ ਪਾਸੇ ਤਿਉਹਾਰ ਮਨਾਉਣ ਮੌਕੇ ਚਲਾਏ ਗਏ ਪਟਾਕੇ, ਬੰਬ ਤੇ ਆਤਿਸ਼ਬਾਜ਼ੀਆਂ ਨਾਲ ਨਾ ਸਿਰਫ਼ ਵਾਤਾਵਰਨ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧੀ ਹੈ, ਸਗੋਂ ਸ਼ਹਿਰ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ। ਹਾਲਾਂਕਿ ਸਮਾਰਟ ਸਿਟੀ ਲੁਧਿਆਣਾ ਵਿੱਚ ਕੂੜੇ ਦੇ ਪ੍ਰਬੰਧਨ ਲਈ ਕੰਪੈਕਟਰ ਲਾਏ ਗਏ ਹਨ ਪਰ ਦੀਵਾਲੀ ਮੌਕੇ ਕੂੜੇ ਦੀ ਭਰਮਾਰ ਨੇ ਸ਼ਹਿਰ ਵਿੱਚ ਗੰਦਗੀ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਸ਼ਾਇਦ ਹੀ ਕੋਈ ਅਜਿਹੀ ਸੜਕ ਹੋਵੇ ਜਿਸ ਦੇ ਕਿਨਾਰਿਆਂ ’ਤੇ ਕੂੜਾ ਨਾ ਡਿੱਗਿਆ ਪਿਆ ਦਿਖਦਾ ਹੋਵੇ। ਇਸ ਤੋਂ ਇਲਾਵਾ ਸ਼ਿੰਗਾਰ ਸਿਨੇਮਾ ਰੋਡ ਨੇੜੇ, ਗਊਸ਼ਾਲ ਸਮਸ਼ਾਨ ਘਾਟ ਦੀ ਪੁਲੀ, ਜਮਾਲਪੁਰ ਚੌਂਕ, ਤਿਕੌਣਾ ਪਾਰਕ, ਲੁਧਿਆਣਾ-ਜਲੰਧਰ ਰੋਡ, ਕਮਲਾ ਲੋਹਟੀਆ ਕਾਲਜ ਰੋਡ ਆਦਿ ਤੋਂ ਇਲਾਵਾ ਹੋਰ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਖੁੱਲ੍ਹੇ ਅੰਬਰ ਹੇਠ ਸੁੱਟੀ ਹੋਈ ਗੰਦਗੀ ਸੜਾਂਦ ਮਾਰ ਰਹੀ ਹੈ।