ਟਿੱਪਰ ਚਾਲਕਾਂ ਦੀ ਹੜਤਾਲ ਕਾਰਨ ਬਠਿੰਡਾ ਵਿੱਚ ਲੱਗੇ ਕੂੜੇ ਦੇ ਢੇਰ
ਮਨੋਜ ਸ਼ਰਮਾ
ਬਠਿੰਡਾ, 6 ਅਕਤੂਬਰ
ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਵਾਲੇ ਟਿੱਪਰ ਚਾਲਕਾਂ ਅਤੇ ਹੈਲਪਰਾਂ ਅਤੇ ਸੀਵਰੇਜ ਵਰਕਰ ਯੂਨੀਅਨ ਦੀ ਹੜਤਾਲ 14ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਜਿਸ ਕਾਰਨ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ। ਭਾਵੇਂ ਨਗਰ ਨਿਗਮ ਵੱਲੋਂ ਘਰਾਂ, ਦੁਕਾਨਾਂ ਆਦਿ ਵਿੱਚੋਂ ਕੂੜਾ ਇਕੱਠਾ ਕਰਨ ਲਈ ਆਪਣੇ ਪੱਧਰ ’ਤੇ ਕੁਝ ਹੋਰ ਪ੍ਰਬੰਧ ਕਰ ਕੇ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਗੱਲ ਨਹੀਂ ਬਣ ਰਹੀ। ਇਸ ਸਮੇਂ ਵਾਟਰ ਵਰਕਸ ਰੋਡ, ਮਾਡਲ ਟਾਊਨ ਫੇਜ਼ ਵਨ ਬਠਿੰਡਾ, ਪਾਰਕ ਨੰਬਰ 26 ਨੇੜੇ, ਬੈਕਸਾਈਡ ਟੀ.ਵੀ. ਟਾਵਰ, ਭਾਗੂ ਰੋਡ, ਮਹਿਣਾ ਚੌਕ, ਪੁਖਰਾਜ ਕਲੋਨੀ, ਮਿਨੀ ਸਕਰਾਟ ਰੋਡ, ਬੀਬੀ ਵਾਲਾ ਰੋਡ, ਇਨਕਮ ਟੈਕਸ ਕਲੋਨੀ ਨੇੜੇ, ਸਿਵਲ ਲਾਈਨਜ਼ ਏਰੀਆ, ਅਜੀਤ ਰੋਡ, ਸਾਹਮਣੇ ਲਾਲਾ ਸੰਤ ਰਾਮ ਲਾਇਬ੍ਰੇਰੀ (ਸਟੇਟਸ 4 ਕੁਆਰਟਰ), ਪੁਰਾਣੀ ਜੇਲ੍ਹ ਰੋਡ, ਮਾਤਾ ਰਾਣੀ ਗਲੀ, ਬਖਸ਼ੀ ਹਪਤਾਲ ਸਟਰੀਟ, ਭੱਟੀ ਰੋਡ ਆਦਿ ’ਤੇ ਸੜਕਾਂ ਅਤੇ ਗਲੀਆਂ ’ਚ ਕੂੜੇ ਦੇ ਢੇਰ ਲੱਗੇ ਹੋਏ ਹਨ। ‘ਜਾਗੋ ਗਾਹਕ’ ਸੰਸਥਾ ਦੇ ਸੰਚਾਲਕ ਸੰਜੀਵ ਗੋਇਲ ਦਾ ਕਹਿਣਾ ਹੈ ਉਸ ਵੱਲੋਂ ਡਾਇਰੈਕਟਰ, ਸਥਾਨਕ ਸਰਕਾਰਾਂ ਚੰਡੀਗੜ੍ਹ, ਡੀਸੀ ਬਠਿੰਡਾ ਦੇ ਨਾਲ-ਨਾਲ ਕਮਿਸ਼ਨਰ, ਨਗਰ ਨਿਗਮ ਬਠਿੰਡਾ ਨੂੰ ਵੀ ਸ਼ਿਕਾਇਤ ਭੇਜ ਕੇ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਏ ਕੂੜੇ ਦੇ ਢੇਰਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ। ਟਿੱਪਰ ਡਰਾਈਵਰਾਂ ਅਤੇ ਹੈਲਪਰਾਂ ਦੀ ਹੜਤਾਲ ਪਿਛਲੇ ਸੋਮਵਾਰ ਤੋਂ ਚੱਲ ਰਹੀ ਹੈ। ਅੱਜਕੱਲ੍ਹ ਤਿਉਹਾਰਾਂ ਦੇ ਮੌਸਮ ਕਾਰਨ ਘਰਾਂ ਅਤੇ ਦੁਕਾਨਾਂ ਦੀ ਸਫ਼ਾਈ ਦਾ ਕੰਮ ਵੀ ਚੱਲ ਰਿਹਾ ਹੈ। ਨਗਰ ਨਿਗਮ ਬਠਿੰਡਾ ਨੂੰ ਕੂੜਾ ਚੁੱਕਣ ਲਈ ਤੁਰੰਤ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ। ਦੂਜੇ ਪਾਸੇ ਕਮਿਸ਼ਨਰ ਨਵਜੋਤ ਸਿੰਘ ਰੰਧਾਵਾ ਵੱਲੋਂ ਕਾਮਿਆਂ ਨੂੰ ਪੰਚਾਇਤੀ ਚੋਣਾਂ ਕਾਰਨ ਜ਼ਾਬਤਾ ਲੱਗਾ ਹੋਣ ਕਾਰਨ ਹੜਤਾਲ ਖ਼ਤਮ ਕਰਨ ਦੀ ਅਪੀਲ ਵੀ ਕੀਤੀ ਹੈ।
ਕਾਮਿਆਂ ਨੂੰ ਪੱਕਾ ਕੀਤਾ ਜਾਵੇ: ਪ੍ਰਧਾਨ
ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਗੁਜਰਾਜ ਚੌਹਾਨ ਦਾ ਕਹਿਣਾ ਹੈ ਕਿ ਨਿਗਮ ਬਠਿੰਡਾ ਅਧੀਨ ਕੰਮ ਕਰਦੇ 597 ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਸਮੁੱਚੇ ਸ਼ਹਿਰ ਅੰਦਰ ਸਫ਼ਾਈ ਕਾਮੇ ਵੀ ਹੜਤਾਲ ਵਿੱਚ ਸ਼ਾਮਲ ਹੋਣਗੇ।