ਚੰਡੀਗੜ੍ਹ ਨਿਗਮ ਲਈ ਮੁਸੀਬਤ ਬਣਿਆ ਕੂੜੇ ਦਾ ਨਿਬੇੜਾ
ਮੁਕੇਸ਼ ਕੁਮਾਰ
ਚੰਡੀਗੜ੍ਹ, 5 ਨਵੰਬਰ
ਚੰਡੀਗੜ੍ਹ ਦੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਵਿੱਚ ਕੂੜੇ ਦੇ ਨਿਬੇੜੇ ਲਈ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਚੰਡੀਗੜ੍ਹ ਨਗਰ ਨਿਗਮ ਦਾ ਕੂੜਾ ਪ੍ਰਬੰਧਨ ਸਿਸਟਮ ‘ਫੇਲ੍ਹ’ ਸਾਬਤ ਹੋ ਰਿਹਾ ਹੈ। ਨਗਰ ਨਿਗਮ ਵੱਲੋਂ ਇੱਥੇ ਸੈਕਟਰ-25 ਅਤੇ ਡੱਡੂ ਮਾਜਰਾ ਵਿੱਚ ਕੂੜੇ ਦੇ ਨਿਬੇੜੇ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਦੋ ਪਲਾਂਟ ਲਗਾਏ ਗਏ ਹਨ। ਇਸ ਦੇ ਬਾਵਜੂਦ 70 ਟੀਪੀਡੀ ਕੂੜਾ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਸਾਈਟ ’ਤੇ ਹੀ ਡੰਪ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਏ ਜਾ ਰਹੇ ਹਨ। ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਕਿਹਾ ਕਿ ਨਿਗਮ ਡੱਡੂ ਮਾਜਰਾ ਡੰਪਿੰਗ ਗਰਾਊਂਡ ਦੇ ਕੂੜੇ ਦੇ ਨਿਬੇੜੇ ਲਈ ਕਰੋੜਾਂ ਰੁਪਏ ਖ਼ਰਚ ਕਰ ਚੁੱਕਾ ਹੈ ਪਰ ਅੱਜ ਤੱਕ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਡੱਡੂ ਮਾਜਰਾ ਨੇੜੇ ਵਸਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਉਧਰ, ਕੂੜੇ ਦੇ ਨਿਬੇੜੇ ਲਈ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਅਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਨ ਵਿੱਚ ਕਮੀਆਂ ਕਾਰਨ ਨਗਰ ਨਿਗਮ ਦਾ ਇੰਜਨੀਅਰਿੰਗ ਵਿਭਾਗ ਵੀ ਚਿੰਤਤ ਹੈ। ਇੰਜਨੀਅਰਿੰਗ ਵਿਭਾਗ ਦੀ ਰਿਪੋਰਟ ਅਨੁਸਾਰ ਪਿਛਲੇ ਇੱਕ ਮਹੀਨੇ ਤੋਂ ਪ੍ਰਾਸੈਸਿੰਗ ਪਲਾਂਟ ਵਿੱਚ ਭੇਜਿਆ ਜਾ ਰਿਹਾ ਕੂੜਾ ਬਿਨਾਂ ਵੱਖ ਕੀਤਿਆਂ ਆ ਰਿਹਾ ਹੈ। ਨਗਰ ਨਿਗਮ ਨੇ ਸਿਹਤ ਮੈਡੀਕਲ ਅਫ਼ਸਰ ਨੂੰ ਪੱਤਰ ਭੇਜਿਆ ਹੈ ਜਿਸ ਵਿੱਚ ਕੂੜਾ ਇਕੱਠਾ ਕਰਨ ਅਤੇ ਇਸ ਦੀ ਵੱਖਰੀ ਪ੍ਰਾਸੈਸਿੰਗ ਦੀ ਵਿਵਸਥਾ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਇਹ ਸਾਰੀ ਕਾਰਵਾਈ ਐੱਨਜੀਟੀ ਵਿੱਚ ਸੁਣਵਾਈ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ।
ਇਸ ਸਮੇਂ ਸੈਕਟਰ-25 ਅਤੇ ਡੱਡੂ ਮਾਜਰਾ ਵਿੱਚ ਸਥਿਤ ਸਿਰਫ਼ ਦੋ ਪ੍ਰਾਸੈਸਿੰਗ ਪਲਾਂਟ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਪ੍ਰਾਸੈੱਸ ਕਰਨ ਦੇ ਸਮਰੱਥ ਹਨ। ਇਸ ਦੇ ਬਾਵਜੂਦ ਡੰਪਿੰਗ ਸਾਈਟ ’ਤੇ ਔਸਤਨ 70 ਟੀਪੀਡੀ ਮਿਸ਼ਰਤ ਕੂੜਾ ਡੰਪ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਪਲਾਂਟਾਂ ਨੂੰ ਵੱਖ-ਵੱਖ ਰਹਿੰਦ-ਖੂੰਹਦ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਸ਼ੀਨਰੀ ਲਗਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ, ਜਿਸ ਦੀ ਸਮਰੱਥਾ 100 ਟੀਪੀਡੀ ਹੋਵੇਗੀ ਅਤੇ ਇਹ 30 ਨਵੰਬਰ ਤੱਕ ਚਾਲੂ ਕਰ ਦਿੱਤੇ ਜਾਣਗੇ। ਨਿਗਮ ਦੇ ਮੁੱਖ ਇੰਜਨੀਅਰ ਨੇ ਮੈਡੀਕਲ ਅਫ਼ਸਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਨੂੰ ਪਹਿਲ ਦੇਣ ਦੀ ਲੋੜ ਹੈ।