For the best experience, open
https://m.punjabitribuneonline.com
on your mobile browser.
Advertisement

ਕਾਹਨੂੰਵਾਨ ਛੰਭ ਵਿੱਚ ਸੁੱਟਿਆ ਜਾ ਰਿਹਾ ਕੂੜਾ ਕਰਕਟ ਪੱਕੇ ਤੌਰ ’ਤੇ ਬੰਦ

08:48 AM Jul 21, 2024 IST
ਕਾਹਨੂੰਵਾਨ ਛੰਭ ਵਿੱਚ ਸੁੱਟਿਆ ਜਾ ਰਿਹਾ ਕੂੜਾ ਕਰਕਟ ਪੱਕੇ ਤੌਰ ’ਤੇ ਬੰਦ
ਧਰਨੇ ਨੂੰ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ।
Advertisement

ਕੇਪੀ ਸਿੰਘ/ਵਰਿੰਦਰਜੀਤ ਜਾਗੋਵਾਲ
ਗੁਰਦਾਸਪੁਰ/ਕਾਹਨੂੰਵਾਨ, 20 ਜੁਲਾਈ
ਉੱਘੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕਾਹਨੂੰਵਾਨ ਛੰਭ ਵਿੱਚ ਸੁੱਟੇ ਜਾਂਦੇ ਕੂੜੇ ਦਾ ਮਸਲਾ ਹੱਲ ਹੋ ਗਿਆ ਹੈ ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਅੱਜ ਤੋਂ ਬਾਅਦ ਉਹ ਕਾਹਨੂੰਵਾਨ ਛੰਭ ਵਿੱਚ ਕੂੜਾ ਨਹੀਂ ਸੁੱਟਣਗੇ । ਬੀਤੇ ਕੁਝ ਦਿਨਾਂ ਤੋਂ ਪਿੰਡ ਚੋਪੜਾ ਅਤੇ ਇਲਾਕੇ ਦੇ ਲੋਕਾਂ ਨੇ ਕਾਹਨੂੰਵਾਨ ਛੰਭ ਬਚਾਓ ਮੰਚ ਦੇ ਜ਼ਰੀਏ ਮੋਰਚਾ ਲਗਾਇਆ ਹੋਇਆ ਸੀ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਿੰਡ ਚੋਪੜਾ ਦੀ ਪੰਚਾਇਤੀ ਜ਼ਮੀਨ ਵਿੱਚ ਸੁੱਟਿਆ ਜਾਂਦਾ ਕੂੜਾ ਬੰਦ ਕੀਤਾ ਜਾਵੇ ਅਤੇ ਕੂੜੇ ਦੇ ਡੰਪ ਨੂੰ ਖ਼ਤਮ ਕੀਤਾ ਜਾਵੇ। ਇਸ ਸਬੰਧੀ ਇਲਾਕੇ ਦੀਆਂ ਕੁਝ ਪੰਚਾਇਤਾਂ ਨੇ ਮਤੇ ਪਾ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭੇਜੇ ਸਨ ਕਿ ਉਹ ਆਪਣਾ ਦਖ਼ਲ ਦੇ ਕੇ ਇਸ ਮਸਲੇ ਨੂੰ ਹੱਲ ਕਰਵਾਉਣ।
ਇਲਾਕੇ ਦੇ ਲੋਕਾਂ ਦੀ ਮੰਗ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਾਰੇ ਮਸਲੇ ਦੀ ਜਾਣਕਾਰੀ ਹਾਸਲ ਕੀਤੀ। ਮੀਟਿੰਗ ਦੌਰਾਨ ਸੀਚੇਵਾਲ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਹਨ ਕਿ ਛੰਭ ਵਰਗੇ ਕਿਸੇ ਵੀ ਕੁਦਰਤੀ ਸਰੋਤ ਨੂੰ ਕੂੜੇ ਦੇ ਡੰਪ ਬਣਾ ਕੇ ਗੰਧਲਾ ਨਹੀਂ ਕੀਤਾ ਜਾ ਸਕਦਾ, ਬਲਕਿ ਕੂੜੇ ਦੇ ਨਿਪਟਾਰੇ ਲਈ ਨਿਰਧਾਰਿਤ ਵਿਗਿਆਨਿਕ ਵਿਧੀ-ਵਿਧਾਨ ਅਪਣਾਇਆ ਜਾਵੇ । ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਹਨੂੰਵਾਨ ਛੰਭ ਜਿੱਥੇ 18ਵੀਂ ਸਦੀ ਵਿੱਚ ਛੋਟਾ ਘੱਲੂਘਾਰਾ ਵਾਪਰਿਆ ਸੀ ਅਤੇ ਹਜ਼ਾਰਾਂ ਸਿੰਘ-ਸਿੰਘਣੀਆਂ ਸ਼ਹੀਦ ਹੋਏ ਸਨ, ਉਸ ਪਾਵਨ ਧਰਤੀ ਉੱਪਰ ਕੂੜਾ ਸੁੱਟਣਾ ਬੰਦ ਕੀਤਾ ਜਾਵੇ। ਇਸ ਮੌਕੇ ਨਗਰ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਦਾਲਮ ਨੇ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਅੱਜ ਤੋਂ ਬਾਅਦ ਪਿੰਡ ਚੋਪੜਾ ਵਿਖੇ ਡੰਪ ਉੱਪਰ ਕੂੜਾ ਨਹੀਂ ਸੁੱਟਿਆ ਜਾਵੇਗਾ ਅਤੇ ਉਥੇ ਬਣੇ ਕੂੜੇ ਦੇ ਡੰਪ ਨੂੰ ਵੀ ਸੈਗਰੀਗੇਟ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਨਗਰ ਕੌਂਸਲ ਵੱਲੋਂ ਜਗ੍ਹਾ ਦੇ ਬਦਲਵੇਂ ਪ੍ਰਬੰਧ ਕਰ ਲਏ ਜਾਣਗੇ ।
ਦੂਸਰੇ ਪਾਸੇ ਪਿੰਡ ਚੋਪੜਾ ਅਤੇ ਇਲਾਕਾ ਵਾਸੀਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਜਿੰਨਾ ਚਿਰ ਨਗਰ ਪਾਲਿਕਾ ਗੁਰਦਾਸਪੁਰ ਵਾਲੇ ਕਾਹਨੂੰਵਾਨ ਛੰਭ ਵਿੱਚੋਂ ਕੂੜਾ ਨਹੀਂ ਚੁੱਕਦੇ ਧਰਨਾ ਲਗਾਤਾਰ ਜਾਰੀ ਰਹੇਗਾ । ਇਸ ਮੌਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਲਬੀਰ ਸਿੰਘ ਰੰਧਾਵਾ, ਗੁਰਮਤਿ ਲੋਕ ਧਾਰਾ ਦੇ ਆਗੂ ਵਰਿੰਦਰਜੀਤ ਸਿੰਘ ਜਾਗੋਵਾਲ, ਜਸਪਾਲ ਸਿੰਘ ਭਿੱਟੇਵੱਡ, ਜਸਬੀਰ ਸਿੰਘ ਬਾਜਵਾ, ਲਖਵਿੰਦਰ ਸਿੰਘ ਜਾਗੋਵਾਲ, ਸਰਪੰਚ ਸਰਬਜੀਤ ਸਿੰਘ ਹਾਜ਼ਰ ਸਨ ।

Advertisement

Advertisement
Author Image

sukhwinder singh

View all posts

Advertisement
Advertisement
×