ਨਗਰ ਨਿਗਮਾਂ ਅੱਗੇ ਕੂੜਾ ਬਣਿਆ ਚੁਣੌਤੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਕੌਮੀ ਰਾਜਧਾਨੀ ਦਿੱਲੀ ਦੀ ਸਫ਼ਾਈ ਵਿਵਸਥਾ ਦੇਖਣਾ ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਵਿੰਗਾਂ ਉੱਤਰੀ, ਦੱਖਣੀ ਤੇ ਪੂਰਬੀ ਦਿੱਲੀ ਦਾ ਜ਼ਿੰਮਾ ਹੈ ਤੇ ਕੌਮੀ ਸਵੱਛਤਾ ਸਰਵੇਖਣ ਵਿੱਚ ਫਾਡੀ ਰਹਿਣ ਕਰ ਕੇ ਭਾਜਪਾ ਦੀ ਸੱਤਾ ਵਾਲੇ ਨਿਗਮਾਂ ਦੀ ਆਲੋਚਨਾ ਹੋ ਰਹੀ ਹੈ। ਦਿੱਲੀ ਵਿੱਚ ਭਲਸਵਾ, ਗਾਜ਼ੀਪੁਰ ਤੇ ਓਖਲਾ ਵਿੱਚ ਕੂੜੇ ਦੇ ਪਹਾੜਨੁਮਾ ਵੱਡੇ ਢੇਰ ਲੱਗ ਚੁੱਕੇ ਹਨ ਤੇ ਇਨ੍ਹਾਂ ਕੂੜਾ ਸਥਾਨਾਂ (ਲੈਂਡਫਿਲ ਸਾਈਟਸ) ਤੋਂ ਨਿਕਲਦੀ ਬਦਬੂ ਤੇ ਗੈਸਾਂ ਰਾਜਧਾਨੀ ਵਾਸੀਆਂ ਲਈ ਮੁਸੀਬਤ ਬਣ ਚੁੱਕੀਆਂ ਹਨ। ਇਨ੍ਹਾਂ ਥਾਵਾਂ ਉਪਰ ਸਮੱਰਥਾ ਤੋਂ ਵੱਧ ਕੂੜਾ ਭਰਿਆ ਜਾ ਚੁੱਕਾ ਹੈ। ਗਾਜ਼ੀਪੁਰ ਲੈਂਡਫਿਲ ਦਾ ਕੂੜਾ ਮੀਂਹ ਦੌਰਾਨ ਖਿਸਕਣ ਕਰਕੇ ਇਕ ਮੁਟਿਆਰ ਦੀ ਤਿੰਨ ਸਾਲ ਪਹਿਲਾਂ ਦੀ ਹੋਈ ਮੌਤ ਕਾਰਨ ਇੱਥੇ ਕੂੜਾ ਸੁੱਟਣਾ ਬੰਦ ਕਰਨਾ ਪਿਆ ਸੀ। ਓਖਲਾ ਵਿੱਚ ਵੀ ਸਮਰੱਥਾ ਤੋਂ ਵੱਧ ਕੂੜਾ ਜਮ੍ਹਾਂ ਹੋ ਚੁੱਕਾ ਹੈ। ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਜੈ ਪ੍ਰਕਾਸ਼ ਨੇ ਕਿਹਾ ਕਿ 17 ਏਕੜ ਵਿੱਚ ਫੈਲੀ ਥਾਂ ‘ਤੋਂ ਕੂੜਾ ਘਟਾਉਣ ਲਈ 15 ਮਸ਼ੀਨਾਂ ਲਾਈਆਂ ਗਈਆਂ ਹਨ ਤੇ 5 ਹੋਰ ਮਸ਼ੀਨਾਂ ਲਾਈਆਂ ਜਾਣਗੀਆਂ।
ਉੱਤਰੀ ਦਿੱਲੀ ਨਿਗਮ ਹੇਠ 500 ਤੋਂ ਵੱਧ ‘ਢਲਾਓ’ ਹਨ ਜਿੱਥੇ ਇਲਾਕਿਆਂ ਦਾ ਕੂੜਾ ਇਕੱਠਾ ਹੁੰਦਾ ਹੈ, ਹੁਣ ਉਨ੍ਹਾਂ ਵਿੱਚੋਂ ਕਈ ਢਲਾਓ ਬੰਦ ਕੀਤੇ ਜਾ ਰਹੇ ਹਨ ਤੇ ਕੰਪੈਕਟ ਸਿਸਟਮ ਲਾਗੂ ਕੀਤਾ ਜਾਵੇਗਾ। ਉੱਤਰੀ ਦਿੱਲੀ ਨਿਗਮ ਇਲਾਕੇ ਵਿੱਚੋਂ 4500 ਮੀਟਰਿਕ ਟਨ ਕੂੜਾ ਰੋਜ਼ਾਨਾ ਨਿਕਲਦਾ ਹੈ। 1984 ਤੋਂ ਸ਼ੁਰੂ ਹੋਏ ਗਾਜ਼ੀਪੁਰ ਦੇ ਕੂੜਾ ਸਥਾਨ ਦੀ ਉਚਾਈ ਵੀ ਤੈਅ ਤੋਂ ਜ਼ਿਆਦਾ ਹੋ ਗਈ ਹੈ। ਓਖਲਾ ਵਿੱਚ ਹੁਣ ਕੂੜਾ ਸੁੱਟਣਾ ਬੰਦ ਕੀਤਾ ਜਾ ਰਿਹਾ ਹੈ ਤੇ ਉੱਥੇ ਹੇਠਾਂ ਤੋਂ ਢੇਰ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।