ਕਿਸਾਨਾਂ ਦੇ ਸੁਪਨਿਆਂ ’ਤੇ ਫਿਰੀ ਘੱਗਰ ਦੀ ਗਾਰ
ਕਰਮਜੀਤ ਸਿੰਘ ਚਿੱਲਾ
ਬਨੂੜ, 12 ਜੁਲਾਈ
ਘੱਗਰ ਦਰਿਆ ਦਾ ਪਾਣੀ ਨਾਲ ਖੇਤਾਂ ਵਿੱਚ ਵਿਛੀ ਗਾਰ ਦੀ ਪਰਤ ਨਾਲ ਬਨੂੜ ਖੇਤਰ ਦੇ ਦਰਿਆ ਨੇੜਲੇ ਅੱਧੀ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪੂਰੀ ਤਰਾਂ ਖਤਮ ਹੋ ਗਈ ਹੈ। ਝੋਨਾ, ਮੱਕੀ, ਮਿਰਚਾਂ ਤੇ ਹੋਰ ਫ਼ਸਲਾਂ ਵਿੱਚ ਇੱਕ ਤੋਂ ਤਿੰਨ ਫੁੱਟ ਤੱਕ ਗਾਰ ਚੜ੍ਹ ਗਈ ਹੈ। ਕਈਂ ਥਾਈਂ ਖੇਤਾਂ ਵਿੱਚ ਝੋਨੇ ਦੀ ਥਾਂ ਸਿਰਫ਼ ਗਾਰ ਦੀ ਪਰਤ ਹੀ ਦਿਖਾਈ ਦੇ ਰਹੀ ਹੈ। ਪਿੰਡ ਮਨੌਲੀ ਸੂਰਤ ਦੇ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਨੌਂ ਏਕੜ ਝੋਨਾ ਅਤੇ ਦੋ ਏਕੜ ਮੱਕੀ ਗਾਰ ਨੇ ਦੱਬ ਲਈ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ਸਲ ਪੂਰੀ ਤਰਾਂ ਖ਼ਤਮ ਹੋ ਗਈ ਹੈ ਤੇ ਖੇਤਾਂ ਵਿੱਚ ਚੜ੍ਹੀ ਦੋ-ਦੋ ਫੁੱਟ ਗਾਰ ਕਾਰਨ ਇੱਥੇ ਜਲਦੀ-ਜਲਦੀ ਕੋਈ ਹੋਰ ਫ਼ਸਲ ਵੀ ਨਹੀਂ ਬੀਜੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਨੀਰੀ, ਲਵਾਈ, ਖਾਦ, ਦਵਾਈਆਂ ਆਦਿ ਉੱਤੇ ਪੰਦਰਾਂ ਹਜ਼ਾਰ ਪ੍ਰਤੀ ਏਕੜ ਦਾ ਖਰਚਾ ਕੀਤਾ ਸੀ।
ਇਸੇ ਪਿੰਡ ਦੇ ਇੰਸਪੈਕਟਰ ਮਹਿੰਦਰ ਸਿੰਘ, ਸੰਨਬੀਰ ਸਿੰਘ, ਭਗਤ ਸਿੰਘ, ਜਸਵਿੰਦਰ ਸਿੰਘ ਨੰਬਰਦਾਰ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਮਨੌਲੀ ਸੂਰਤ ਦੀ ਤਕਰੀਬਨ 300 ਏਕੜ, ਹੰਸਾਲਾ ਦੀ 200 ਏਕੜ, ਨੱਗਲ ਦੀ 200 ਏਕੜ, ਛੜਬੜ੍ਹ ਦੀ 300 ਏਕੜ ਤੋਂ ਇਲਾਵਾ, ਝੱਜੋਂ, ਬਾਸਮਾਂ, ਬੁੱਢਣਪੁਰ, ਅਮਲਾਲਾ ਪਿੰਡਾਂ ਦਾ ਘੱਗਰ ਦੀ ਗਾਰ ਨੇ ਭਾਰੀ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਫ਼ਸਲ ਪੂਰੀ ਤਰਾਂ ਖ਼ਰਾਬ ਹੋ ਗਈ ਹੈ ਤੇ ਅਗਲੀ ਫ਼ਸਲ ਬੀਜਣ ਤੋਂ ਪਹਿਲਾਂ ਕਿਸਾਨਾਂ ਨੂੰ ਖਰਚਾ ਕਰਕੇ ਖੇਤਾਂ ਵਿੱਚ ਗਾਰ ਹਟਾਉਣੀ ਪਵੇਗੀ, ਤਾਂ ਹੀ ਇੱਥੇ ਕੋਈ ਫ਼ਸਲ ਹੋਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰਾਬ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਦੌਰਾਨ ਖੇਤੀਬਾੜੀ ਵਿਭਾਗ ਦੀ ਬਲਾਕ ਅਫ਼ਸਰ ਸੰਦੀਪ ਕੁਮਾਰ, ਸ਼ੁਭਕਰਨ ਸਿੰਘ, ਜਗਦੀਪ ਸਿੰਘ ਅਤੇ ਸੁੱਚਾ ਸਿੰਘ ਸਿੱਧੂ ਤੇ ਆਧਾਰਿਤ ਟੀਮ ਨੇ ਪਿੰਡ ਮਨੌਲੀ ਸੂਰਤ ਵਿੱਚ ਕਿਸਾਨਾਂ ਦੀ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ।
ਕਰਾਲਾ ਦੀ ਦਰਜਨਾਂ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੀ
ਪਿੰਡ ਕਰਾਲਾ ਦੇ ਦਰਜਨਾਂ ਕਿਸਾਨਾਂ ਦੀ ਦਰਜਨਾਂ ਏਕੜ ਝੋਨੇ ਦੀ ਫ਼ਸਲ ਤਿੰਨ-ਤਿੰਨ ਫੁੱਟ ਪਾਣੀ ਵਿੱਚ ਡੁੱਬੀ ਖੜ੍ਹੀ ਹੈ। ਇਸ ਪਾਣੀ ਦਾ ਕਿੱਧਰੇ ਵੀ ਕੋਈ ਨਿਕਾਸ ਨਹੀਂ ਹੈ। ਕਿਸਾਨਾਂ ਨੇ ਦੱਸਿਆ ਕਿ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਝੋਨੇ ਦੀ ਇਹ ਫ਼ਸਲ ਖਰਾਬ ਹੋ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਕੋਲੋਂ ਬਨਿਾਂ ਕਿਸੇ ਦੇਰੀ ਤੋਂ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਮੋਹੀ ਕਲਾਂ ਗਰਿੱਡ ਦੀ ਬਿਜਲੀ ਸਪਲਾਈ ਬਹਾਲ
ਮੋਹੀ ਕਲਾਂ ਗਰਿੱਡ ਅਧੀਨ ਪੈਂਦੇ ਦੋ ਦਰਜਨ ਪਿੰਡਾਂ ਦੀ ਬਿਜਲੀ ਸਪਲਾਈ 62 ਘੰਟੇ ਬਾਅਦ ਬੀਤੀ ਰਾਤ ਬਹਾਲ ਹੋਣ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਦਗਿਆਨ ਸਾਗਰ ਹਸਪਤਾਲ ਦੀ ਬਿਜਲੀ ਸਪਲਾਈ ਵੀ ਬਹਾਲ ਹੋ ਗਈ ਹੈ, ਜਦੋਂ ਕਿ ਚਿਤਕਾਰਾ ਯੂਨੀਵਰਸਿਟੀ ਅਤੇ ਨੀਲਮ ਹਸਪਤਾਲ ਦੀ ਬਿਜਲੀ ਸਪਲਾਈ ਚਾਲੂ ਕਰਨ ਲਈ ਵਿਭਾਗ ਵੱਲੋਂ ਨੁਕਸ ਦੂਰ ਕੀਤੇ ਜਾ ਰਹੇ ਹਨ।
ਸਾਬਕਾ ਕਾਂਗਰਸੀ ਵਿਧਾਇਕ ਨੇ ਕੀਤਾ ਪ੍ਰਭਾਵਿਤ ਖੇਤਰਾਂ ਦਾ ਦੌਰਾ
ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਬਾਜ਼ਾਰ, ਕਲੌਲੀ, ਫ਼ਤਹਿਪੁਰ ਗੜ੍ਹੀ ਅਤੇ ਕਰਾਲਾ ਦਾ ਦੌਰਾ ਕੀਤਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਉੱਤੇ ਲੋਕਾਂ ਨੂੰ ਲੋੜੀਂਦੀ ਰਾਹਤ ਦੇਣ ਵਿੱਚ ਫੇਲ੍ਹ ਹੋਣ ਦਾ ਦੋਸ਼ ਲਾਇਆ।