ਐੱਸਵਾਈਐੱਲ ਅਤੇ ਨਰਵਾਣਾ ਬਰਾਂਚ ਵਿੱਚ ਪਿਆ ਪਾੜ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਜੁਲਾਈ
ਅੰਬਾਲਾ ਜ਼ਿਲ੍ਹੇ ਵਿੱਚ ਰਿਕਾਰਡ ਤੋੜ ਬਾਰਸ਼ ਨੇ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ। ਪੰਚਕੂਲਾ-ਯਮੁਨਾਨਗਰ ਨੈਸ਼ਨਲ ਹਾਈਵੇਅ ’ਤੇ ਕਾਲਪੀ ਪੁਲ ਦੇ ਲਾਗੇ ਰਾਜੂ ਢਾਬੇ ਕੋਲ ਯੂਪੀ ਤੋਂ ਹਿਮਾਚਲ ਜਾ ਰਹੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਮਾਰਕੰਡਾ ਨਦੀ ਦੇ ਬੇਕਾਬੂ ਪਾਣੀ ਦੇ ਤੇਜ਼ ਵਹਾ ਕਰ ਕੇ ਪਲਟ ਗਈ। ਸੂਚਨਾ ਮਿਲਦਿਆਂ ਹੀ ਮੁਲਾਣਾ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਬੜੀ ਮਸ਼ੱਕਤ ਤੋਂ ਬਾਅਦ ਪਾਣੀ ਵਿਚ ਫਸੇ 27 ਮੁਸਾਫ਼ਰਾਂ ਨੂੰ ਕਰੇਨ ਦੀ ਮਦਦ ਨਾਲ ਇਕ ਇਕ ਕਰਕੇ ਸੁਰੱਖਿਅਤ ਬਾਹਰ ਕੱਢਿਆ। ਮੁਸਾਫ਼ਰਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਐੱਸਐੱਚਓ ਮੁਲਾਣਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਮਾਰਕੰਡਾ ਨਦੀ ਵਿੱਚ ਜ਼ਿਆਦਾ ਪਾਣੀ ਆਉਣ ਕਰ ਕੇ ਵਾਪਰਿਆ। ਨਰਵਾਣਾ ਬਰਾਂਚ ਦਾ ਪਾਣੀ ਕੰਢੇ ਤੋੜ ਕੇ ਨੱਗਲ ਹਲਕੇ ਦੇ ਮਲੌਰ ਪਿੰਡ ਵਿਚ ਆ ਵੜਿਆ। ਰਾਤ ਇਕ ਵਜੇ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਐਲਾਨ ਕਰਨ ਤੋਂ ਬਾਅਦ ਲੋਕਾਂ ਨੇ ਸਾਰੀ ਰਾਤ ਮਿੱਟੀ ਨਾਲ ਭਰੇ ਕੱਟੇ ਲਾ ਕੇ ਜਦੋਂ ਕੁਝ ਕੰਟਰੋਲ ਕੀਤਾ ਤਾਂ ਘੱਗਰ ਨਦੀ ਦਾ ਪਾਣੀ ਆ ਗਿਆ। ਬਕਨੌਰ ਅਤੇ ਕਿਸ਼ਨਗੜ੍ਹ ਪਿੰਡ ਵਿਚ ਵੀ ਨਰਵਾਣਾ ਬਰਾਂਚ ਟੁੱਟ ਗਈ ਅਤੇ ਇਸਮਾਈਲਪੁਰ ਵਿਚ ਐਸਵਾਈਐਲ ਕੰਢਿਆਂ ਤੋਂ ਬਾਹਰ ਆ ਗਈ।ਹਰ ਪਾਸੇ ਪਾਣੀ ਹੀ ਪਾਣੀ ਦੇਖ ਕੇ ਨੱਗਲ ਹਲਕੇ ਦੇ ਲੋਕ ਸਹਿਮੇ ਹੋਏ ਹਨ ਅਤੇ ਕਈ ਸੁਰੱਖਿਅਤ ਥਾਵਾਂ ਤੇ ਚਲੇ ਗਏ ਹਨ। ਅੰਬਾਲਾ ਕੈਂਟ ਦਾ ਇੰਡਸਟਰੀਅਲ ਏਰੀਆ ਕੱਲ੍ਹ ਦਾ ਪਾਣੀ ਵਿੱਚ ਡੁੱਬਿਅਆ ਹੋਇਆ ਹੈ। ਫੈਕਟਰੀਆਂ ਵਿਚ 6-6 ਫੁੱਟ ਪਾਣੀ ਵੜਨ ਨਾਲ ਉਦਯੋਗਪਤੀਆਂ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ, ਕੱਚਾ ਅਤੇ ਬਣਿਆ ਮਾਲ ਬਰਬਾਦ ਹੋ ਗਿਆ ਹੈ।ਲੋਕ ਛੱਤਾਂ ਤੇ ਅਟਕੇ ਹੋਏ ਹਨ। ਸ਼ਹਿਰ ਦੇ ਮਨਮੋਹਨ ਨਗਰ ਵਿਚ ਵੀ ਨਗਰ ਨਿਗਮ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਹਿ ਦਿੱਤਾ ਗਿਆ ਹੈ। ਛਾਉਣੀ ਵਿਚ ਟਾਂਗਰੀ ਨਦੀ ਦਾ ਪਾਣੀ ਬੰਨ੍ਹ ਦੇ ਅੰਦਰ ਬਣੇ ਮਕਾਨਾਂ ਦੀਆਂ ਛੱਤਾਂ ਤੱਕ ਪਹੁੰਚ ਗਿਆ ਹੈ।
ਅੰਬਾਲਾ ਨੂੰ ਹੜ੍ਹ ਪ੍ਰਭਾਵਿਤ ਇਲਾਕਾ ਐਲਾਨੇ ਸਰਕਾਰ: ਹੁੱਡਾ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਬਿਆਨ ਜਾਰੀ ਕਰ ਕੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੰਬਾਲਾ ਜ਼ਿਲ੍ਹੇ ਨੂੰ ਹੜ੍ਹ ਪ੍ਰਭਾਵਿਤ ਇਲਾਕਾ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਅੰਬਾਲਾ ਜ਼ਿਲ੍ਹੇ ਵਿਚ ਮਾਰਕੰਡਾ ਨਦੀ ਦਾ ਬੰਨ੍ਹ ਟੁੱਟਣ ਅਤੇ ਘੱਗਰ ਤੇ ਟਾਂਗਰੀ ਨਦੀਆਂ ਓਵਰਫਲੋਅ ਹੋਣ ਕਰ ਕੇ ਕਈ ਪਿੰਡ ਇਸ ਦੀ ਲਪੇਟ ਵਿਚ ਆ ਗਏ ਹਨ ਜਿਸ ਨਾਲ ਵੱਡੇ ਪੈਮਾਨੇ ਤੇ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ, ਇਸ ਲਈ ਸਰਕਾਰ ਨੂੰ ਬਨਿਾਂ ਕਿਸੇ ਦੇਰੀ ਦੇ ਕੇਂਦਰ ਸਰਕਾਰ ਤੋਂ ਐਨਡੀਆਰਐਫ ਸਮੇਤ ਵੱਧ ਤੋਂ ਵੱਧ ਮਦਦ ਮੰਗਵਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕੀਤੀ ਜਾ ਸਕੇ।