ਗਾਂਜਾ ਤਸਕਰ ਪਾਣੀਪਤ ਤੋਂ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 30 ਦਸੰਬਰ
ਸਦਰ ਥਾਣਾ ਪੁਲੀਸ ਨੇ ਕਰੀਬ 8 ਮਹੀਨੇ ਪਹਿਲਾਂ ਪਿੰਡ ਲਾਲੀ ਵਿਚੋਂ ਦੋ ਭਰਾਵਾਂ ਤੋਂ ਬਰਾਮਦ ਕੀਤੀ ਗਈ ਗਾਂਜੇ ਦੀ ਵੱਡੀ ਖੇਪ ਦੇ ਮਾਮਲੇ ਵਿਚ ਪਾਣੀਪਤ ਇਲਾਕੇ ਤੋਂ ਗਾਂਜੇ ਲਿਆਉਣ ਵਾਲੇ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਤਸਕਰ ਦੀ ਪਛਾਣ ਸ਼ੇਰ ਸਿੰਘ ਉਰਫ ਕਾਲਾ ਪੁੱਤਰ ਧਰਮਪਾਲ ਨਿਵਾਸੀ ਘਸੋਲੀ ਜ਼ਿਲ੍ਹਾ ਸੋਨੀਪਤ ਹਾਲ ਨਿਵਾਸੀ ਪਾਣੀਪਤ ਵਜੋਂ ਹੋਈ ਹੈ। ਸਦਰ ਥਾਣਾ ਇੰਚਾਰਜ ਰਾਜਵੀਰ ਸਿੰਘ ਨੇ ਦੱਸਿਆ ਕਿ ਬੀਤੀ ਤਿੰਨ ਅਪਰੈਲ ਨੂੰ ਪੁਲੀਸ ਕਪਤਾਨ ਆਸਥਾ ਮੋਦੀ ਦੇ ਨਿਰਦੇਸ਼ ਤੇ ਸੀਆਈਏ ਸਟਾਫ ਟੋਹਾਣਾ ਦੀ ਟੀਮ ਨੇ ਸਬ ਇੰਸਪੈਕਟਰ ਜੱਗਾ ਸਿੰਘ ਦੀ ਅਗਵਾਈ ਵਿਚ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਲਾਲੀ ਦੇ ਇਕ ਘਰ ਵਿਚ ਛਾਪਾ ਮਾਰ ਕੇ ਦੋ ਭਰਾਵਾਂ ਪ੍ਰਕਾਸ਼ ਅਤੇ ਰਣਜੀਤ ਨਿਵਾਸੀ ਅਲਾਵਲਵਾਸ ਨੂੰ ਕਰੀਬ 284 ਕਿੱਲੋ 800 ਗ੍ਰਾਮ ਗਾਂਜੇ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਸੀ। ਬਰਾਮਦ ਕੀਤੇ ਗਏ ਗਾਂਜੇ ਦੀ ਕੀਮਤ ਕਰੀਬ 30 ਲੱਖ ਰੁਪਏ ਦੱਸੀ ਜਾ ਰਹੀ ਸੀ। ਵੱਡੀ ਖੇਪ ਬਰਾਮਦ ਹੋਣ ’ਤੇ ਇਸ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਜਿਸ ਨੇ ਤਸਕਰਾਂ ਤੋਂ ਪੁੱਛਗਿੱਛ ਕਰਦੇ ਹੋਏ ਤਸਕਰ ਦੀ ਪਹਿਚਾਣ ਕੀਤੀ ਸੀ। ਹਾਲਾਂਕਿ ਖੇਪ ਸਮੇਤ ਗ੍ਰਿਫਤਾਰ ਕੀਤੇ ਗਏ ਤਸਕਰ ਭਰਾਵਾਂ ਨੂੰ ਜੇਲ੍ਹ ਭੇਜ ਦਿੱਤਾ ਸੀ, ਪਰ ਹੋਰ ਤਸਕਰਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਸੀ। ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਹੀ ਪਾਣੀਪਤ ਵਿਚ ਛਾਪੇਮਾਰੀ ਕਰਕੇ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿਚ ਪੇਸ਼ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਵਿਚ ਨਸ਼ਿਆਂ ਦੀ ਰੋਕਥਾਮ ਲਈ ਪੁਲੀਸ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਲਾਕੇ ਵਿਚ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।