ਬਠਿੰਡਾ ਜੇਲ੍ਹ ਵਿੱਚ ਗੈਂਗਸਟਰ ਮੁੜ ਭੁੱਖ ਹੜਤਾਲ ’ਤੇ ਬੈਠੇ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਜੂਨ
ਇੱਥੋਂ ਦੀ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ ਮੁੜ ਭੁੱਖ ਹੜਤਾਲ ‘ਤੇ ਬੈਠ ਗਏ ਹਨ। ਜੇਲ੍ਹ ਸੂਤਰਾਂ ਅਨੁਸਾਰ ਇਸ ਵਾਰ ਗੈਂਗਸਟਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਭੁੱਖ ਹੜਤਾਲ ਖਤਮ ਨਾ ਕਰਨ ਦਾ ਪ੍ਰਣ ਕੀਤਾ ਹੈ। ਇਥੇ ਕੇਂਦਰੀ ਜੇਲ੍ਹ ਦੇ ਉੱਚ ਸੁਰੱਖਿਆ ਸੈੱਲ ‘ਚ ਕਈ ਗੈਂਗਸਟਰ ਨਜ਼ਰਬੰਦ ਹਨ। ਕੁੱਝ ਗੈਂਗਸਟਰਾਂ ਨੇ ਜੇਲ੍ਹ ਅੰਦਰ ਐਲਈਡੀ ਸਮੇਤ ਹੋਰ ਸਹੂਲਤਾਂ ਦੀ ਮੰਗ ਨੂੰ ਲੈ ਕੇ ਸ਼ਨਿੱਚਰਵਾਰ ਤੋਂ ਦੂਜੀ ਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਅੱਜ ਵੀ ਖਾਣਾ ਨਹੀਂ ਖਾਧਾ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਮੰਗਾਂ ਦੀ ਪੂਰਤੀ ਤੱਕ ਉਹ ਕੁੱਝ ਨਹੀਂ ਖਾਣਗੇ। ਇਸ ਤੋਂ ਪਹਿਲਾਂ ਉਨ੍ਹਾਂ 11 ਮਈ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ ਚਾਰ ਦਿਨ ਜਾਰੀ ਰਹੀ ਸੀ। ਉਦੋਂ ਏਡੀਸੀ ਬਠਿੰਡਾ ਨੇ ਹੜਤਾਲੀਆਂ ਨਾਲ ਗੱਲਬਾਤ ਕਰਨ ਮਗਰੋਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ। ਇਸ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਸੀ ਪਰ ਵੀਹ ਦਿਨ ਲੰਘਣ ਬਾਅਦ ਵੀ ਹਾਈ ਸਕਿਉਰਿਟੀ ਸੈੱਲ ਵਿੱਚ ਟੀਵੀ ਨਹੀਂ ਲਾਇਆ ਗਿਆ, ਜਿਸ ਕਾਰਨ ਗੈਂਗਸਟਰਾਂ ਨੇ ਮੁੜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਭੁੱਖ ਹੜਤਾਲ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜੇਲ੍ਹ ‘ਚ ਡਾਕਟਰਾਂ ਦੀ ਵਿਸ਼ੇਸ਼ ਟੀਮ ਦੀ ਡਿਊਟੀ ਲਾਈ ਗਈ ਹੈ। ਹੜਤਾਲੀ ਗੈਂਗਸਟਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਆਪਣੇ ਘਰਾਂ ‘ਚ ਮੋਬਾਈਲ ਫ਼ੋਨ ‘ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਆਮ ਕੈਦੀਆਂ ਵਾਂਗ ਜੇਲ੍ਹ ਵਿੱਚ ਘੁੰਮਣ-ਫਿਰਨ ਦੀ ਇਜਾਜ਼ਤ ਦਿੱਤੀ ਜਾਵੇ। ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਆਪਣੇ ਖ਼ਰਚੇ ‘ਤੇ ਟੀਵੀ ਸੈੱਟ ਲਾਉਣ ਦੀ ਪ੍ਰਵਾਨਗੀ ਮੰਗੀ ਹੈ। ਉਨ੍ਹਾਂ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਜੇ ਕਿਸੇ ਕੈਦੀ ਵੱਲੋਂ ਇਸ ਸਹੂਲਤ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਤੋਂ ਸਹੂਲਤ ਵਾਪਸ ਲੈ ਲਈ ਜਾਵੇ।