ਆੜ੍ਹਤੀ ਦੀ ਹੱਤਿਆ ਕਰ ਕੇ ਭੱਜਿਆ ਗੈਂਗਸਟਰ ਪੁਲੀਸ ਮੁਕਾਬਲੇ ’ਚ ਜ਼ਖ਼ਮੀ
ਪੱਤਰ ਪ੍ਰੇਰਕ
ਤਰਨ ਤਾਰਨ/ਚੋਹਲਾ ਸਾਹਿਬ, 12 ਜਨਵਰੀ
ਕਸਬਾ ਹਰੀਕੇ ਦੇ ਇਕ ਆੜ੍ਹਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਫਰਾਰ ਹੋਏ ਦੋ ਗੈਂਗਸਟਰ ਪੁਲੀਸ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਏ| ਡੀਐੱਸਪੀ (ਇਨਵੈਸਟੀਗੇਸ਼ਨ) ਰਾਜਿੰਦਰ ਮਿਨਹਾਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਅੱਜ ਦੁਪਹਿਰ ਵੇਲੇ ਆਪਣੇ ਘਰ ਅੱਗੇ ਖੜ੍ਹੇ ਆੜ੍ਹਤੀ ਰਾਮ ਗੋਪਾਲ (48) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰੀਕੇ ਦੇ ਥਾਣਾ ਮੁਖੀ ਰਣਜੀਤ ਸਿੰਘ ਨੇ ਪੁਲੀਸ ਫੋਰਸ ਨਾਲ ਹਮਲਾਵਰਾਂ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਪਿੰਡ ਅਲੀਪੁਰ ਵਿੱਚ ਹਮਲਾਵਰਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਡਿੱਗ ਗਏ। ਇਸ ਦੌਰਾਨ ਹਮਲਾਵਰਾਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ| ਪੁਲੀਸ ਪਾਰਟੀ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਇਕ ਮੁਲਜ਼ਮ ਲੱਤ ’ਤੇ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਦੂਸਰਾ ਫਰਾਰ ਹੋਣ ਵੇਲੇ ਡਿੱਗ ਗਿਆ ਤੇ ਉਸ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ। ਪੁਲੀਸ ਨੇ ਦੋਵਾਂ ਹਮਲਾਵਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਡੀਐੱਸਪੀ ਨੇ ਦੱਸਿਆ ਕਿ ਹਮਲਾਵਰਾਂ ਦੀ ਸ਼ਨਾਖਤ ਜਸਪ੍ਰੀਤ ਸਿੰਘ ਵਾਸੀ ਵਰਪਾਲ (ਅੰਮ੍ਰਿਤਸਰ) ਤੇ ਸਾਹਿਬਪ੍ਰੀਤ ਸਿੰਘ ਵਾਸੀ ਮਰੜੀਕਲਾਂ (ਮਜੀਠਾ) ਵਜੋਂ ਹੋਈ ਹੈ। ਹਰੀਕੇ ਦੇ ਆੜ੍ਹਤੀ ਰਾਮ ਗੋਪਾਲ ਦੇ ਕਤਲ ਦੀ ਜ਼ਿੰਮੇਵਾਰੀ ਹਰੀਕੇ ਦੇ ਗੈਂਗਸਟਰ ਲਖਬੀਰ ਸਿੰਘ ਲੰਡੇ ਦੇ ਵਿਰੋਧੀ ਧੜੇ ਦੇ ਡੋਨੀ ਬੱਲ ਅਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਰਾਹੀਂ ਲਈ।
ਡੀਐੱਸਪੀ ਨੇ ਦੱਸਿਆ ਕਿ ਹਰੀਕੇ ਪੁਲੀਸ ਨੇ ਹਮਲਾਵਰਾਂ ਖ਼ਿਲਾਫ਼ ਬੀਐੱਨਐੱਸ ਦੀ ਦਫ਼ਾ 103 ਤੋਂ ਇਲਾਵਾ ਅਸਲਾ ਐਕਟ ਦੀ ਦਫ਼ਾ 25, 27, 54, 59 ਹੇਠ ਕੇਸ ਦਰਜ ਕੀਤਾ ਹੈ| ਸਮਝਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੂੰ ਫਰਾਰ ਕਰਵਾਉਣ ਵਿੱਚ ਇਕ ਕਾਰ ਚਾਲਕ ਦਾ ਵੀ ਹੱਥ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ|