ਗੈਂਗਸਟਰ ਗੋਲਡੀ ਢਿੱਲੋਂ ਦਾ ਸਾਥੀ ਦੋ ਪਿਸਤੌਲਾਂ ਸਣੇ ਕਾਬੂ
ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਕਤੂਬਰ
ਸਪੈਸ਼ਲ ਸੈੱਲ ਰਾਜਪੁਰਾ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠਲੀ ਟੀਮ ਨੇ ਇੱਕ ਅਜਿਹੇ ਨੌਜਵਾਨਾਂ ਨੂੰ ਦੋ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ, ਜਿਸ ਕੋਲੋਂ ਵਿਦੇਸ਼ ’ਚ ਰਹਿ ਰਿਹਾ ਗੈਂਗਸਟਰ ਗੋਲਡੀ ਢਿੱਲੋਂ ਵਾਰਦਾਤਾਂ ਕਰਵਾਉਂਦਾ ਸੀ। ਪੁਲੀਸ ਦੇ ਹੱਥੇ ਚੜ੍ਹਿਆ ਮੁਲਜ਼ਮ ਅਰਸ਼ਦੀਪ ਸਿੰਘ ਅਰਸ਼ ਪੁੱਤਰ ਮਨਜੀਤ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦਾ ਵਸਨੀਕ ਹੈ, ਜੋ ਹੁਣ ਮੁਹਾਲੀ ਵਿੱਚ ਰਹਿ ਰਿਹਾ ਸੀ। ਇਹ ਜਾਣਕਾਰੀ ਪਟਿਆਲਾ ਦੇ ਏਐਸਪੀ (ਡੀ) ਵੈਭਵ ਚੌਧਰੀ (ਆਈਪੀਐਸ) ਨੇ ਅੱਜ ਪੁਲੀਸ ਲਾਈਨ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿਤੀ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਅਰਸ਼ ਪਹਿਲਾਂ ਵੀ ਗੋਲਡੀ ਢਿੱਲੋਂ ਦੇ ਕਹਿਣ ’ਤੇ ਯੂਪੀ ਦੀ ਇੱਕ ਮਹਿਲਾ ਕੋਲੋ ਪਿਸਤੌਲ ਲੈ ਕੇ ਆਉਂਦਾ ਰਿਹਾ ਹੈ ਜੋ ਵੱਖ-ਵੱਖ ਵਾਰਦਾਤਾਂ ਵਿੱਚ ਵਰਤੇ ਜਾਂਦੇ ਰਹੇ ਹਨ। ਇਸ ਤਰ੍ਹਾਂ ਅਰਸ਼ ਦੀ ਗ੍ਰਿਫਤਾਰੀ ਨਾਲ ਅੰਤਰਰਾਜੀ ਤਸਕਰੀ ਨੂੰ ਤੋੜਿਆ ਗਿਆ ਹੈ। ਇੰਸਪੈਕਟਰ ਹੈਰੀ ਬੋਪਾਰਾਏ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੁਰਤਗਾਲ ’ਚ ਰਹਿੰਦੇ ਗੈਂਗਗਸਟਰ ਗੋਲਡੀ ਢਿੱਲੋਂ ’ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਗੋਲਡੀ ਢਿੱਲੋਂ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਚਰਚਿਤ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸੈਕਟਰ 05 ਚੰਡੀਗੜ ਵਿੱਚ ਫਿਰੌਤੀ ਵਾਸਤੇ ਫਾਇਰਿੰਗ ਵੀ ਕਰਵਾਈ ਸੀ। ਇੰਸਪੈਕਟਰ ਹੈਰੀ ਬੋਪਾਰਾਏ ਦੀ ਪਿੱਠ ਥਾਪੜਦਿਆਂ, ਏਐਸਪੀ ਨੇ ਕਿਹਾ ਕਿ ਇਸ ਤੋਂ ਕੁਝ ਹੀ ਸਮਾਂ ਪਹਿਲਾਂ ਵੀ ਹੈਰੀ ਬੋਪਾਰਾਏ ’ਤੇ ਟੀਮ ਨੇ ਗੋਲਡੀ ਢਿੱਲੋਂ ਦੇ ਹੀ 2 ਗੁਰਗੇ ਕਾਬੂ ਕੀਤੇ ਸਨ।
ਏਐਸਪੀ ਵੈਭਵ ਚੌਧਰੀ ਨੇ ਦੱਸਿਅ ਕਿ ਇੰਸਪੈਕਟਰ ਹੈਰੀ ਬੋਪਾਰਾਏ ਤੇ ਟੀਮ ਨੇ ਕੁਝ ਸਮਾਂ ਪਹਿਲਾਂ ਜਦੋਂ ਗੈਗਸਟਰ ਗੋਲਡੀ ਢਿੱਲੋਂ ਦੇ ਦੋ ਹੋਰ ਗੁਰਗੇ ਗ੍ਰਿਫਤਾਰ ਕੀਤੇ ਸਨ, ਤਾਂ ਵਿਦੇਸ਼ ’ਚ ਰਹਿ ਰਹੇ ਗੈਂਗਸਟਰ ਨੇ ਪੁਲੀਸ ਟੀਮ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਹੈਰੀ ਬੋਪਾਰਾਏ ਦੀ ਪਿੱਠ ਥਾਪੜਦਿਆਂ ਏਐੱਸਪੀ ਨੇ ਕਿਹਾ ਕਿ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਹੈਰੀ ਬੋਪਾਰਾਏ ਤੇ ਟੀਮ ਨੇ ਹੁਣ ਇਸੇ ਗੈਂਗਸਟਰ ਦੇ ਇੱਕ ਹੋਰ ਮੈਂਬਰ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਹੈ।