ਗੈਂਗਸਟਰ ਵੱਲੋਂ ਗੋਇੰਦਵਾਲ ਪੁਲੀਸ ’ਤੇ ਫਾਇਰਿੰਗ
ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 2 ਨਵੰਬਰ
ਇੱਥੇ ਲੰਘੀ ਰਾਤ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਸ਼ੂਟਰ ਨੇ ਗੋਇੰਦਵਾਲ ਸਾਹਿਬ ਦੀ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ’ਚ ਇਸ ਗੈਂਗਸਟਾਰ ਦੀ ਲੱਤ ’ਚ ਗੋਲੀ ਵੱਜੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਤਲ ਕਾਂਡ ਵਿੱਚ ਵਰਤੀ ਪਿਸਤੌਲ ਦੀ ਬਰਾਮਦਗੀ ਲਈ ਪੁਲੀਸ ਗੈਂਗਸਟਰ ਨੂੰ ਮੰਡ ਖੇਤਰ ਵਿੱਚ ਲੈ ਕੇ ਗਈ ਸੀ, ਜਿਸ ਨੇ ਮੰਡ ਖੇਤਰ ਵਿੱਚ ਲੁਕੋਈ ਪਿਸਤੌਲ ਨਾਲ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।
ਡੀਐੱਸਪੀ ਅਤੁਲ ਸੋਨੀ ਨੇ ਆਖਿਆ ਕਿ ਇਸ ਹਮਲੇ ਵਿੱਚ ਐੱਸਐੱਚਓ ਬਲਜਿੰਦਰ ਸਿੰਘ ਬਾਜਵਾ ਨੇ ਮੁਸਤੈਦੀ ਨਾਲ ਆਪਣੀ ਅਤੇ ਪੁਲੀਸ ਪਾਰਟੀ ਦੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ‘ਆਪ’ ਆਗੂ ਗੁਰਪ੍ਰੀਤ ਸਿੰਘ ਗੋਪੀ ਚੋਹਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਵਿਕਰਮਜੀਤ ਸਿੰਘ ਵਿੱਕੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ, ਜਦੋਂ ਉਸ ਨੂੰ ਕਤਲ ਕਾਂਡ ਸਮੇਂ ਵਰਤੇ ਹਥਿਆਰ ਦੀ ਬਰਾਮਦਗੀ ਲਈ ਗੋਇੰਦਵਾਲ ਮੰਡ ਖੇਤਰ ਵਿੱਚ ਲਿਜਾਇਆ ਗਿਆ ਤਾਂ ਮੁਲਜ਼ਮ ਨੇ ਝਾੜੀਆਂ ਵਿੱਚ ਲੁਕਾਏ ਪਿਸਤੌਲ ਨਾਲ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਗੈਂਗਸਟਾਰ ਦੀ ਲੱਤ ’ਚ ਗੋਲੀ ਲੱਗੀ, ਜਿਸ ਨੂੰ ਤਰਨ ਤਾਰਨ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਆਖਿਆ ਕਿ ਗੋਪੀ ਚੋਹਲਾ ਕਤਲ ਕਾਂਡ ਵਿੱਚ ਮੁੱਖ ਮੁਲਜ਼ਮ ਵਿਕਰਮਜੀਤ ਸਿੰਘ ਵਿੱਕੀ ਬਦਨਾਮ ਸ਼ੂਟਰ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਗੰਭੀਰ ਅਪਰਾਧਾਂ ਤਹਿਤ 12 ਦੇ ਕਰੀਬ ਮਾਮਲੇ ਦਰਜ ਹਨ। ਉਨ੍ਹਾਂ ਆਖਿਆ ਕਿ ਇਸ ਹਮਲੇ ਵਿੱਚ ਪੁਲੀਸ ਮੁਲਾਜ਼ਮਾਂ ਦਾ ਹਨੇਰੇ ਕਾਰਨ ਬਚਾਅ ਰਿਹਾ ਹੈ। ਜਵਾਬੀ ਕਾਰਵਾਈ ਦੌਰਾਨ ਸ਼ੂਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ, ਸ਼ੂਟਰ ਕੋਲੋਂ 32 ਬੋਰ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ