ਤਰਨ ਤਾਰਨ ’ਚ ਪੁਲੀਸ ਮੁਕਾਬਲੇ ਵਿੱਚ ਗੈਂਗਸਟਰ ਕਾਬੂ
ਗੁਰਬਖਸ਼ਪੁਰੀ
ਤਰਨ ਤਾਰਨ, 12 ਨਵੰਬਰ
ਇੱਥੇ ਬੀਤੀ ਅੱਧੀ ਰਾਤ ਦੇ ਕਰੀਬ ਕਸੂਰ ਡਰੇਨ ’ਤੇ ਸੰਖੇਪ ਮੁਕਾਬਲੇ ਵਿੱਚ ਜ਼ਖਮੀ ਹੋਏ ਇੱਕ ਗੈਂਗਸਟਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਸ਼ਨਾਖਤ ਯੋਧਬੀਰ ਸਿੰਘ ਯੋਧਾ ਵਾਸੀ ਅਲਾਦੀਨਪੁਰ ਦੇ ਤੌਰ ’ਤੇ ਹੋਈ ਹੈ| ਮੁਲਜ਼ਮ ਕੋਲੋਂ ਇੱਕ 9 ਐੱਮਐੱਮ ਦਾ ਪਿਸਤੌਲ ਅਤੇ ਬਿਨਾਂ ਨੰਬਰ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ| ਯੋਧਬੀਰ ਸਿੰਘ ਇਲਾਕੇ ਅੰਦਰ ਕੀਤੀਆਂ ਵਾਰਦਾਤਾਂ ਤੋਂ ਇਲਾਵਾ ਤਰਨ ਤਾਰਨ ਦੇ ਫੋਕਲ ਪੁਆਇੰਟ ਦੇ ਇੱਕ ਸਨਅਤਕਾਰ ਦੀ ਫੈਕਟਰੀ ਦੇ ਗੇਟ ’ਤੇ ਗੋਲੀਆਂ ਚਲਾਉਣ ਦੀ ਵਾਰਦਾਤ ਵਿੱਚ ਸ਼ਾਮਲ ਸੀ|
ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਇਹ ਗੈਂਗਸਟਰ ਜੇਲ੍ਹ ਅੰਦਰ ਬੰਦ ਹਰਪ੍ਰੀਤ ਸਿੰਘ ਉਫਰ ਹੈਪੀ ਬਾਬਾ ਨਾਲ ਸਬੰਧਤ ਹੈ| ਉਨ੍ਹਾਂ ਦੱਸਿਆ ਕਿ ਯੋਧਬੀਰ ਸਿੰਘ ਦੇ ਇਲਾਕੇ ਅੰਦਰ ਹੋਣ ਦੀ ਸੂਚਨਾ ਸਥਾਨਕ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੂੰ ਮਿਲੀ ਸੀ ਜਿਸ ਨੇ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਿੱਚ ਕਸੂਰ ਡਰੇਨ ਦੇ ਇੱਕ ਖਾਸ ਘੇਰੇ ’ਤੇ ਰੇਡ ਮਾਰੀ ਜਿੱਥੇ ਯੋਧਬੀਰ ਸਿੰਘ ਦੇ ਹੋਣ ਦਾ ਸ਼ੱਕ ਸੀ| ਯੋਧਬੀਰ ਸਿੰਘ ਨੇ ਪੁਲੀਸ ਨੂੰ ਦੇਖਦਿਆਂ ਚਾਰ ਫ਼ਾਇਰ ਕੀਤੇ ਜਿਨ੍ਹਾਂ ਵਿੱਚੋਂ ਦੋ ਪੁਲੀਸ ਦੀ ਗੱਡੀ ਜਦਕਿ ਦੋ ਇੱਧਰ-ਉੱਧਰ ਲੱਗੇੇ| ਪੁਲੀਸ ਦੀ ਜਵਾਬੀ ਫਾਇਰਿੰਗ ਵਿੱਚ ਇੱਕ ਗੋਲੀ ਯੋਧਬੀਰ ਸਿੰਘ ਦੀ ਖੱਬੀ ਲੱਤ ’ਚ ਲੱਗੀ| ਜ਼ਖਮੀ ਹਾਲਤ ਵਿੱਚ ਯੋਧਬੀਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ| ਐੱਸਐੱਸਪੀ ਨੇ ਕਿਹਾ ਕਿ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ ਅਤੇ ਇੱਕ ਹੋਰ ਪਿੱਛੇ ਪੁਲੀਸ ਸਰਗਰਮੀ ਨਾਲ ਲੱਗੀ ਹੋਈ ਹੈ ਜਿਸ ਨੂੰ ਛੇਤੀ ਕਾਬੂ ਕਰਨ ਦੀ ਉਮੀਦ ਹੈ| ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਐੱਸਐੱਸਪੀ ਨੇ ਮੌਕੇ ਦਾ ਨਿਰੀਖਣ ਕੀਤਾ ਅਤੇ ਪੁਲੀਸ ਕਾਰਵਾਈ ਦੀ ਸ਼ਲਾਘਾ ਕੀਤੀ|