ਪੁਲੀਸ ਮੁਕਾਬਲੇ ਮਗਰੋਂ ਗੈਂਗਸਟਰ ਕਾਬੂ
ਹਰਜੀਤ ਸਿੰਘ ਪਰਮਾਰ
ਬਟਾਲਾ, 27 ਜੁਲਾਈ
ਪੁਲੀਸ ਨੇ ਗੈਂਗਸਟਰ ਹੈਰੀ ਚੱਠਾ ਦੇ ਨਾਮ ’ਤੇ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਨੂੰ ਅੱਜ ਸਵੇਰੇ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੌਂਗੋਵਾਲ ਦੇ ਖੇਤਾਂ ਵਿੱਚ ਪੁਲੀਸ ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਗੈਂਗਸਟਰ ਮਲਕੀਤ ਸਿੰਘ ਵਾਸੀ ਬਟਾਲਾ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਸਥਾਨ ’ਤੇ ਪਹੁੰਚੇ ਐੱਸਐੱਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਇੱਕ ਸੁਨਿਆਰੇ ਦੀ ਦੁਕਾਨ ’ਤੇ ਕੁੱਝ ਅਣਪਛਾਤੇ ਨੌਜਵਾਨਾਂ ਨੇ 50 ਲੱਖ ਦੀ ਫਿਰੌਤੀ ਲਈ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਪੜਤਾਲ ਮਗਰੋਂ ਪੁਲੀਸ ਨੇ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਕੀਤੀ। ਬਟਾਲਾ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ ਜਿਸ ਨੇ ਮੁਲਜ਼ਮ ਦੀ ਲੋਕੇਸ਼ਨ ਟਰੇਸ ਕਰਨੀ ਸ਼ੁਰੂ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਸਵੇਰੇ ਕਰੀਬ ਛੇ ਵਜੇ ਮਰਸਿਡੀਜ਼ ਕਾਰ ਵਿੱਚ ਘੁੰਮ ਰਹੇ ਮੁਲਜ਼ਮ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਉਸ ਦਾ ਪਿੱਛਾ ਕਰ ਰਹੀ ਸੀ ਕਿ ਕਿ ਉਹ ਨੇੜਲੇ ਪਿੰਡ ਲੌਂਗੋਵਾਲ ਅਤੇ ਨਵਾਂ ਪਿੰਡ ਦੇ ਵਿਚਕਾਰ ਪੈਂਦੇ ਖੇਤਾਂ ਵਾਲੇ ਪਾਸੇ ਚਲਾ ਗਿਆ। ਪੁਲੀਸ ਵੀ ਉਥੇ ਪੁੱਜ ਗਈ। ਮੁਲਜ਼ਮ ਕਾਰ ਛੱਡ ਕੇ ਗੋਲੀਆਂ ਚਲਾਉਂਦਾ ਝੋਨੇ ਦੇ ਖੇਤਾਂ ਵੱਲ ਭੱਜਿਆ। ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗ ਗਈ ਅਤੇ ਪੁਲੀਸ ਨੇ ਕਰੀਬ ਚਾਰ ਘੰਟੇ ਦੀ ਜੱਦੋ-ਜਹਿਦ ਮਗਰੋਂ ਗੈਂਗਸਟਰ ਨੂੰ ਕਾਬੂ ਕਰ ਲਿਆ।
ਮੁਲਜ਼ਮ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ। ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮ ਦਾ ਪਹਿਲਾਂ ਵੀ ਅਪਰਾਧਕ ਪਿਛੋਕੜ ਹੈ ਅਤੇ ਉਸ ਖ਼ਿਲਾਫ਼ ਫਿਰੌਤੀਆਂ ਮੰਗਣ ਦੇ ਤਿੰਨ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਫਿੱਟ ਕਰਾਰ ਦਿੱਤੇ ਜਾਣ ਉਪਰੰਤ ਮੁਲਜ਼ਮ ਦਾ ਰਿਮਾਂਡ ਲੈ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।