For the best experience, open
https://m.punjabitribuneonline.com
on your mobile browser.
Advertisement

ਗੈਂਗ ਹਿੰਸਾ

08:10 AM Mar 04, 2024 IST
ਗੈਂਗ ਹਿੰਸਾ
Advertisement

ਹਰਿਆਣਾ ਦੇ ਗੁਰੂਗ੍ਰਾਮ ਨਾਲ ਸਬੰਧਿਤ ਵਪਾਰੀ ਸਚਿਨ ਗੋਦਾ ਦੀ ਸ਼ੁੱਕਰਵਾਰ ਸ਼ਰੇਆਮ ਕੀਤੀ ਗਈ ਹੱਤਿਆ ਨੇ ਧਿਆਨ ਇਕ ਵਾਰ ਫਿਰ ਹਰਿਆਣਾ ਅਤੇ ਪੰਜਾਬ ’ਚ ਵਧ ਰਹੀ ਗੈਂਗਵਾਰ ਅਤੇ ਸੰਗਠਿਤ ਅਪਰਾਧ ਵੱਲ ਖਿੱਚਿਆ ਹੈ। ਹਰਿਆਣਾ ਦੇ ਰੋਹਤਕ ਵਿੱਚ ਹੋਏ ਇਸ ਬੇਖੌਫ਼ ਹਮਲੇ ’ਚ ਸਚਿਨ ਗੋਦਾ ਦੀ ਮਾਂ ਜ਼ਖ਼ਮੀ ਹੋ ਗਈ ਅਤੇ ਉਹ ਹਸਪਤਾਲ ਜ਼ੇਰੇ-ਇਲਾਜ ਹੈ। ਘਟਨਾ ਵੇਲੇ ਵਪਾਰੀ ਦੀ ਪਤਨੀ ਅਤੇ ਬੱਚੇ ਵੀ ਨਾਲ ਸਨ। ਹਮਲਾ ਘਾਤ ਲਾ ਕੇ ਕੀਤਾ ਗਿਆ। ਅਪਰਾਧਕ ਗਤੀਵਿਧੀਆਂ ਲਈ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੇ ਕਥਿਤ ਤੌਰ ’ਤੇ ਇਸ ਘਿਨਾਉਣੇ ਅਪਰਾਧ ਦੀ ਜਿ਼ੰਮੇਵਾਰੀ ਲਈ ਹੈ ਜਿਸ ਮਗਰੋਂ ਪਹਿਲਾਂ ਹੀ ਬਣਿਆ ਭੈਅ ਅਤੇ ਅਰਾਜਕਤਾ ਦਾ ਮਾਹੌਲ ਹੋਰ ਖ਼ਰਾਬ ਹੋਇਆ ਹੈ। ਰੋਹਤਕ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਗੈਂਗ ਤੋਂ ਸਚਿਨ ਨੂੰ ਪਹਿਲਾਂ ਧਮਕੀ ਵੀ ਮਿਲੀ ਸੀ ਤੇ ਫਿਰੌਤੀ ਮੰਗੀ ਗਈ ਸੀ।
ਇਹ ਕੋਈ ਇੱਕ-ਦੁੱਕਾ ਘਟਨਾ ਨਹੀਂ ਹੈ ਬਲਕਿ ਇਸ ਖੇਤਰ ਨੂੰ ਚਿੰਬੜੇ ਵੱਡੇ ਰੋਗ ਦਾ ਲੱਛਣ ਹੈ। ਸਾਲ 2022 ’ਚ ਸਿੱਧੂ ਮੂਸੇਵਾਲਾ ਦੀ ਮਾਨਸਾ ਜਿ਼ਲ੍ਹੇ ਵਿਚ ਪੈਂਦੇ ਉਸ ਦੇ ਪਿੰਡ ਦੇ ਨੇੜੇ ਹੀ ਦਿਨ-ਦਿਹਾੜੇ ਹੋਈ ਹੱਤਿਆ ਨੇ ਗੈਂਗਸਟਰਵਾਦ ਨੂੰ ਖੁੱਲ੍ਹ ਕੇ ਸਾਹਮਣੇ ਲਿਆਂਦਾ। ਇਸ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਇਨ੍ਹਾਂ ਗੈਂਗਾਂ ਦੇ ਬਾਕੀ ਸਾਥੀ ਇਸ ਖੇਤਰ ਤੱਕ ਹੀ ਸੀਮਤ ਨਹੀਂ ਹਨ ਬਲਕਿ ਕੈਨੇਡਾ, ਯੂਕੇ ਅਤੇ ਹੋਰ ਕਈ ਦੇਸ਼ਾਂ ਵਿਚ ਫੈਲੇ ਹੋਏ ਹਨ। ਫਿਰੌਤੀ, ਨਸ਼ਾ ਤਸਕਰੀ ਅਤੇ ਹੱਤਿਆ ਵਰਗੇ ਅਪਰਾਧਾਂ ’ਚ ਇਨ੍ਹਾਂ ਗੈਂਗਸਟਰਾਂ ਦੀ ਸ਼ਮੂਲੀਅਤ ਨੂੰ ਦੇਖਦਿਆਂ ਫੈਸਲਾਕੁਨ ਕਾਰਵਾਈ ਕੀਤੇ ਜਾਣ ਦੀ ਫੌਰੀ ਲੋੜ ਹੈ। ਇਸ ਮੁੱਦੇ ਦਾ ਢੁੱਕਵਾਂ ਹੱਲ ਨਾ ਨਿਕਲਣ ਕਾਰਨ ਅਪਰਾਧਕ ਤੱਤਾਂ ਦੇ ਹੌਸਲੇ ਬੁਲੰਦ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਜ਼ਾ ਤੋਂ ਬਚੇ ਰਹਿਣਗੇ। ਬਿਸ਼ਨੋਈ ਗੈਂਗ ਅਤੇ ਇਸ ਦੇ ਵਿਰੋਧੀਆਂ ਜਿਨ੍ਹਾਂ ਵਿਚ ਬੰਬੀਹਾ ਗੈਂਗ ਵੀ ਸ਼ਾਮਲ ਹੈ, ਵਿਚਾਲੇ ਆਪਸੀ ਦੁਸ਼ਮਣੀ ਵੀ ਹਾਲਾਤ ਨੂੰ ਹੋਰ ਗੁੰਝਲਦਾਰ ਬਣਾਉਂਦੀ ਹੈ। ਦੋਵੇਂ ਗਰੁੱਪ ਬਦਲਾਖੋਰੀ ’ਚ ਬੇਕਿਰਕੀ ਨਾਲ ਇਕ-ਦੂਜੇ ਦੇ ਮੈਂਬਰਾਂ ਦੀ ਹੱਤਿਆਵਾਂ ਕਰ ਚੁੱਕੇ ਹਨ, ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਇਨ੍ਹਾਂ ਕੌਮਾਂਤਰੀ ਅਪਰਾਧਕ ਗਰੋਹਾਂ ਨੂੰ ਅਸਰਹੀਣ ਕਰਨ ’ਚ ਮਿਲੀ ਅਸਫਲਤਾ ਨੇ ਕਾਨੂੰਨ ਦੇ ਭੈਅ ਨੂੰ ਖੋਖਲਾ ਕੀਤਾ ਹੈ ਤੇ ਨਾਲ ਹੀ ਆਮ ਨਾਗਰਿਕਾਂ ਦੀ ਸੁਰੱਖਿਆ ਵੀ ਖ਼ਤਰੇ ਵਿਚ ਪਾਈ ਹੈ। ਵੱਧ ਰਹੀ ਇਸ ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਵਾਲੀਆਂ ਵੱਖ ਵੱਖ ਸਰਕਾਰੀ ਏਜੰਸੀਆਂ ਆਪਸੀ ਤਾਲਮੇਲ ਮਜ਼ਬੂਤ ਕਰਨ, ਖ਼ੁਫੀਆ ਤੰਤਰ ਨੂੰ ਪੁਖ਼ਤਾ ਕੀਤਾ ਜਾਵੇ ਤਾਂ ਜੋ ਇਨ੍ਹਾਂ ਗਰੋਹਾਂ ਦਾ ਪਰਦਾਫਾਸ਼ ਹੋ ਸਕੇ ਅਤੇ ਅਪਰਾਧੀਆਂ ਨੂੰ ਢੁੱਕਵੀਂ ਸਜ਼ਾ ਵੀ ਮਿਲ ਸਕੇ। ਮਹਿਜ਼ ਅਧਿਕਾਰੀਆਂ ਦੀ ਅਦਲਾ-ਬਦਲੀ ਨਾਲ ਇਸ ਤਰ੍ਹਾਂ ਦੀ ਹਿੰਸਾ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਿਆ ਜਾ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਸਮਾਜਿਕ ਤੇ ਆਰਥਿਕ ਪੱਖਾਂ ਦੀ ਪੜਚੋਲ ਲਈ ਵੀ ਯਤਨ ਕਰਨ ਦੀ ਲੋੜ ਹੈ ਜੋ ਅਜਿਹੇ ਗੈਂਗਾਂ ਦੇ ਪਸਾਰ ’ਚ ਯੋਗਦਾਨ ਪਾਉਂਦੇ ਹਨ। ਮਸਲੇ ਦੇ ਹੱਲ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਬਦਲਵੇਂ ਰਾਹ ਤਲਾਸ਼ੇ ਜਾਣ ਜਿਨ੍ਹਾਂ ਦੇ ਅਜਿਹੀਆਂ ਅਪਰਾਧਕ ਗਤੀਵਿਧੀਆਂ ਵਿਚ ਪੈਣ ਦਾ ਖ਼ਤਰਾ ਵੱਧ ਹੈ।

Advertisement

Advertisement
Author Image

Advertisement
Advertisement
×