ਪਾਦਰੀ ਦੀ ਪਤਨੀ ਨਾਲ ਸਮੂਹਿਕ ਜਬਰ-ਜਨਾਹ
ਹਤਿੰਦਰ ਮਹਿਤਾ
ਜਲੰਧਰ, 24 ਫਰਵਰੀ
ਇਥੇ ਥਾਣਾ ਡਿਵੀਜ਼ਨ ਨੰਬਰ-6 ਨੇ ਜਲੰਧਰ ਦੀ ਗਾਰਡਨ ਕਲੋਨੀ ਦੇ ਰਹਿਣ ਵਾਲੇ ਪੰਜ ਵਿਅਕਤੀਆਂ ਖ਼ਿਲਾਫ਼ ਫਤਹਿਗੜ੍ਹ ਸਾਹਿਬ ਦੇ ਵਸਨੀਕ ਪਾਦਰੀ ਦੀ ਪਤਨੀ ਨਾਲ ਸਮੂਹਿਕ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਤ ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ 5 ਫਰਵਰੀ ਨੂੰ ਅਮਲੋਹ ਪੁਲੀਸ ਨੇ ਇਸ ਮਾਮਲੇ ’ਚ ਜ਼ੀਰੋ ਐੱਫਆਈਆਰ ਦਰਜ ਕੀਤੀ ਸੀ ਅਤੇ ਬਾਅਦ ’ਚ 14 ਫਰਵਰੀ ਨੂੰ ਮਾਮਲੇ ਦੀ ਅਗਲੇਰੀ ਜਾਂਚ ਲਈ ਜਲੰਧਰ ਕਮਿਸ਼ਨਰੇਟ ਪੁਲੀਸ ਨੂੰ ਭੇਜ ਦਿੱਤਾ ਸੀ। ਮੁੱਢਲੀ ਜਾਂਚ ਤੋਂ ਬਾਅਦ, ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਪੰਜ ਵਿਅਕਤੀਆਂ ਫਾਰਿਸ ਮਸੀਹ, ਪ੍ਰਗਟ ਸਿੰਘ, ਬਲਕਾਰ ਮਸੀਹ, ਮਾਹੀ ਮਨਚੰਦਾ ਅਤੇ ਬੀਰਬਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੀੜਤ ਅਨੁਸਾਰ ਉਹ ਈਸਾਈ ਭਾਈਚਾਰੇ ਨਾਲ ਸਬੰਧਤ ਹੈ ਅਤੇ ਧਾਰਮਿਕ ਪ੍ਰਚਾਰ ਲਈ ਅਕਸਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਂਦੀ ਹੈ। ਉਸ ਨੇ ਦੱਸਿਆ ਕਿ ਜਲੰਧਰ ਤੋਂ ਫਾਰਿਸ ਮਸੀਹ ਉਸ ਦਾ ਜਾਣਕਾਰ ਸੀ ਅਤੇ ਉਹ ਪਹਿਲਾਂ ਵੀ ਉਸ ਨਾਲ ਜਲੰਧਰ ਵਿੱਚ ਪ੍ਰਚਾਰ ਕਰ ਚੁੱਕਾ ਹੈ। ਪੀੜਤਾ ਨੇ ਦੱਸਿਆ ਕਿ ਉਹ ਫਾਰਿਸ ਤੋਂ ਪੈਸੇ ਲੈਣ ਲਈ ਜਲੰਧਰ ਆਈ ਸੀ। ਪੀੜਤਾ ਦਾ ਦੋਸ਼ ਹੈ ਕਿ ਇਸ ਮੁਲਾਕਾਤ ਦੌਰਾਨ ਕਥਿਤ ਦੋਸ਼ੀ ਨੇ ਚਾਰ ਹੋਰ ਵਿਅਕਤੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਦੇ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਸਬੰਧਤ ਥਾਣੇ ਤੋਂ ਇਸ ਬਾਰੇ ਪਤਾ ਲਗਾਉਣਗੇ।