ਗਿਆਰਾਂ ਮੋਟਰਸਾਈਕਲਾਂ ਸਮੇਤ ਚੋਰ ਗਰੋਹ ਕਾਬੂ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 21 ਜੂਨ
ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ 11 ਮੋਟਰਸਾਈਕਲਾਂ ਸਣੇ ਗ੍ਰਿਫਤਾਰ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਕਪਤਾਨ ਪੁਲੀਸ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੋਟਰਸਾਈਕਲ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕਥਿਤ ਦੋਸ਼ੀਆਂ ਹਰਮਨ ਕੁਮਾਰ ਤੇ ਰਾਜਨ ਦੋਵੇਂ ਵਾਸੀਆਨ ਸੁਨਾਮ ਅਤੇ ਸਿਮਰਨਜੀਤ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਨੂੰ ਗ੍ਰਿਫਤਾਰ ਕਰ ਕੇ ਚੋਰੀ ਕੀਤੇ ਗਏ 11 ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਘਰਾਚੋਂ ਦੇ ਡੇਰੇ ਵਿੱਚੋਂ ਚੜ੍ਹਾਵੇ ਦੇ ਪੈਸੇ ਚੋਰੀ ਕਰਨ ਵਾਲੇ ਕਾਬੂ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੀ ਪੁਲੀਸ ਨੇ ਨੇੜਲੇ ਪਿੰਡ ਘਰਾਚੋਂ ਵਿੱਚ ਸਥਿਤ ਡੇਰਾ ਬਾਬਾ ਟੱਲਾ ਦੇ ਗੇਟ ’ਤੇ ਲੱਗੀ ਗੋਲਕ ਦਾ ਜਿੰਦਰਾ ਤੋੜ ਕੇ ਚੜ੍ਹਾਵੇ ਦੇ ਪੈਸੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਡੇਰਾ ਬਾਬਾ ਟੱਲਾ ਦੇ ਸੇਵਾਦਾਰ ਅਵਤਾਰ ਸਿੰਘ ਤੋਤੀ ਵਾਸੀ ਘਰਾਚੋਂ ਨੇ ਦੱਸਿਆ ਕਿ ਬੀਤੀ ਰਾਤ ਚੋਰ ਡੇਰੇ ਦੇ ਗੇਟ ਦੇ ਬਾਹਰ ਲੱਗੀ ਗੋਲਕ ਦੇ ਜਿੰਦਰੇ ਨੂੰ ਤੋੜ ਕੇ ਉਸ ਵਿੱਚੋਂ ਚੜ੍ਹਾਵੇ ਦੀ ਸਾਰੀ ਭੇਟਾ ਚੋਰੀ ਕਰ ਕੇ ਲੈ ਗਏ। ਘਟਨਾ ਸਬੰਧੀ ਪਤਾ ਲੱਗਣ ‘ਤੇ ਸੇਵਾਦਾਰਾਂ ਵੱਲੋਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਸ ਮਗਰੋਂ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਕੋਲੋਂ ਚੋਰੀ ਦੇ 12 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਬਿਗੜਵਾਲ ਵਜੋਂ ਹੋਈ ਹੈ।