ਲੁਟੇਰਾ ਗਰੋਹ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੁਲਾਈ
ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਡਾਬਾ ਰੋਡ ਨੇੜੇ ਜੈਨ ਕਲੋਨੀ ਮੌਜੂਦ ਸੀ ਤਾਂ ਪਤਾ ਲੱਗਾ ਕਿ ਕੁੱਝ ਲੋਕ ਮਾਨ ਨਗਰ ਦੇ ਇੱਕ ਖਾਲੀ ਪਲਾਟ ਵਿੱਚ ਮਾਰੂ ਹਥਿਆਰ ਦਾਤ, ਰਾਡਾਂ ਵਗੈਰਾ ਸਮੇਤ ਇੱਕਠੇ ਹੋ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਪਾਸ ਇੱਕ ਮੋਟਰਸਾਈਕਲ ਸਪਲੈਂਡਰ, ਇੱਕ ਸਕੂਟਰੀ ਅਤੇ ਇੱਕ ਬਿਨ੍ਹਾ ਨੰਬਰੀ ਸਕੂਟਰੀ ਹੈ ਪੁਲੀਸ ਵੱਲੋਂ ਛਾਪਾ ਮਾਰ ਕੇ ਜਸਪ੍ਰੀਤ ਸਿੰਘ ਵਾਸੀ ਸਮਰਾਟ ਕਲੋਨੀ, ਨਿਤਿਨ ਦੂਬੇ ਵਾਸੀ ਗਲੀ ਨੰਬਰ 12 ਅੰਬੇਦਕਰ ਨਗਰ, ਰਾਹੁਲ ਕੁਮਾਰ ਵਾਸੀ ਡਾਬਾ ਰੋਡ ਅਤੇ ਤਿਲਕ ਵਾਸੀ ਬਾਬਾ ਮੁਕੰਦ ਸਿੰਘ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1 ਮੋਟਰਸਾਈਕਲ ਸਪਲੈਂਡਰ, 1 ਸਕੂਟਰੀ ਸਜੂਕੀ ਰੰਗ ਲਾਲ, 1 ਸਕੂਟਰੀ ਬਿਨ੍ਹਾਂ ਨੰਬਰੀ, 2 ਦਾਤ ਲੋਹਾ ਅਤੇ 2 ਕ੍ਰਿਪਾਨਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਉਨ੍ਹਾਂ ਦੇ ਸਾਥੀ ਰਾਜੂ ਵਾਸੀ ਗਲੀ ਨੰਬਰ 2 ਲਛਮੀ ਨਗਰ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੇ ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬੱਲੋਕੇ ਰੋਡ ਨੇੜੇ ਸਮਸ਼ਾਨਘਾਟ ਮੋਜੂਦ ਸੀ ਤਾਂ ਮੁੱਖਬਰਖਾਸ ਨੇ ਇਤਲਾਹ ਦਿੱਤੀ ਕਿ ਰਾਹਗੀਰਾਂ ਨੂੰ ਹਥਿਆਰ ਦਿਖਾਕੇ ਲੁੱਟਾਂ ਖੋਹਾਂ ਅਤੇ ਈ-ਰਿਕਸ਼ਾ ਦੀਆਂ ਬੈਟਰੀਆਂ ਚੋਰੀ ਕਰਨ ਦੇ ਆਦੀ ਕੁੱਝ ਲੋਕ ਈ-ਰਿਕਸ਼ਾ ਦੀਆਂ ਬੈਟਰੀਆਂ ਅਤੇ ਹੋਰ ਖੋਹ ਕੀਤਾ ਸਮਾਨ ਵੇਚਣ ਲਈ ਚੋਰੀ ਕੀਤੇ ਵਾਹਨਾਂ ਤੇ ਸਵਾਰ ਹੋ ਕੇ ਜਵਾਲਾ ਸਿੰਘ ਚੌਕ ਤੋਂ ਸੰਗਮ ਪੈਲੇਸ ਚੌਂਕ ਵੱਲ ਆ ਰਹੇ ਹਨ। ਪੁਲੀਸ ਨੇ ਜਗਤਾਰ ਸਿੰਘ, ਵਿਸ਼ਾਲ ਕੁਮਾਰ, ਕਰਨ ਉਰਫ਼ ਕੰਨੂੰ ਅਤੇ ਮੋਹਣੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।