ਗਣੇਸ਼ ਚਤੁਰਥੀ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ
ਮੁੰਬਈ/ਚੇਨੱਈ/ਹੈਦਰਾਬਾਦ/ਬੰਗਲੁਰੂ, 7 ਸਤੰਬਰ
ਦੱਖਣੀ ਭਾਰਤ ਵਿੱਚ ਪੂਰੇ ਉਤਸ਼ਾਹ ਨਾਲ ਗਣੇਸ਼ ਚਤੁਰਥੀ ਦੇ ਅੱਜ ਉਤਸਵ ਸ਼ੁਰੂ ਹੋ ਗਏ। ਮਹਾਰਾਸ਼ਟਰ ਵਿੱਚ ਦਸ ਦਿਨ ਚੱਲਣ ਵਾਲੇ ਗਣੇਸ਼ ਉਤਸਵ ਦੀ ਸ਼ੁਰੂਆਤ ਹੋਈ, ਜਿਸ ਵਿੱਚ ਸੂਬੇ ਵਿੱਚ ਘਰਾਂ ਅਤੇ ਜਨਤਕ ਪੰਡਾਲਾਂ ਵਿੱਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੀ ਸਥਾਪਨਾ ਧੂਮ-ਧਾਮ ਨਾਲ ਕੀਤੀ ਗਈ।
ਇਸ ਦੌਰਾਨ ਤਿਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਸਮੇਤ ਪ੍ਰਮੁੱਖ ਆਗੂ ਆਪੋ-ਆਪਣੇ ਸੂਬਿਆਂ ਵਿੱਚ ਉਤਸਵ ਵਿੱਚ ਸ਼ਾਮਲ ਹੋਏ। ਰੈਡੀ ਨੇ ਹੈਦਰਾਬਾਦ ਦੇ ਖੈਰਤਾਬਾਦ ਵਿੱਚ ਪੰਡਾਲ ਵਿੱਚ ਪੂਜਾ ਅਰਚਨਾ ਕੀਤੀ। ਇਸ ਸਾਲ ਪੰਡਾਲ ਵਿੱਚ ਗਣੇਸ਼ ਦੀ 70 ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਗਈ ਹੈ।
ਗਣੇਸ਼ ਚਤੁਰਥੀ ਦੌਰਾਨ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਗਿਆ। ਵੱਡੀ ਗਿਣਤੀ ਵਿੱਚ ਲੋਕ ਪੂਜਾ ਅਰਚਨਾ ਲਈ ਮੰਦਰਾਂ ਵਿੱਚ ਗਏ। ਇਸ ਮੌਕੇ ਚੇਨੱਈ ਅਤੇ ਹੈਦਰਾਬਾਦ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਭਗਵਾਨ ਗਣੇਸ਼ ਦੀਆਂ ਵੱਡੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ। ਸ਼ਰਧਾਲੂ ਤਾਮਿਲ ਨਾਡੂ ਦੇ ਸ਼ਿਵਗੰਗਾ ਵਿੱਚ ਪਿੱਲਯਾਰਪੱਟੀ ਤੇ ਤਿਰੂਚਿਰਾਪੱਲੀ ਵਿੱਚ ਮਲਾਈਕੋਟਈ ਅਤੇ ਗੁਆਂਢੀ ਪੁਡੂਚੇਰੀ ਵਿੱਚ ਮਨਕੁਲਾ ਵਿਨਾਇਕਰ ਮੰਦਰ ਸਮੇਤ ਵੱਖ-ਵੱਖ ਮੁੱਖ ਮੰਦਰਾਂ ਵਿੱਚ ਇਕੱਠੇ ਹੋਏ। ਤਾਮਿਲ ਨਾਡੂ ਦੇ ਮਲਾਈਕੋਟਈ ਵਿੱਚ ਰਵਾਇਤ ਮੁਤਾਬਕ ਭਗਵਾਨ ਗਣੇਸ਼ ਲਈ ਚੌਲ ਦੇ ਆਟੇ, ਗੁੜ ਅਤੇ ਨਾਰੀਅਲ ਨਾਲ ਬਣੀ ਇੱਕ ਵਿਸ਼ਾਲ ਕੋਝੂਕਟਈ ਮਠਿਆਈ ਬਣਾਈ ਗਈ ਸੀ। ਇਸ ਨੂੰ ਇੱਕ ਵੱਡੇ ਵਰਤਨ ਵਿੱਚ ਪਾ ਕੇ ਬਾਂਸ ਨਾਲ ਲਟਕਾਇਆ ਗਿਆ। ਪੁਡੂਚੇਰੀ ਦੇ ਮੁੱਖ ਮੰਤਰੀ ਐਨ. ਰੰਗਾਸਾਮੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ।
ਉਧਰ ਮਹਾਰਾਸ਼ਟਰ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਪਰਿਵਾਰ ਦੇ ਲੋਕ ‘ਗਣਪਤੀ ਬੱਪਾ ਮੋਰੀਆ’ ਦੇ ਨਾਅਰੇ ਅਤੇ ਢੋਲ-ਨਗਾਰਿਆਂ ਦੌਰਾਨ ਭਗਵਾਨ ਨੂੰ ਘਰ ਲਿਆਉਣ ਲਈ ਸਵੇਰੇ ਤੋਂ ਘਰਾਂ ਵਿੱਚੋਂ ਬਾਹਰ ਨਿਕਲੇ।
ਕਈ ਲੋਕ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਆਟੋ, ਕਾਰ ਅਤੇ ਹੋਰ ਵਾਹਨਾਂ ਰਾਹੀਂ ਲਿਜਾਂਦੇ ਦੇਖੇ ਗਏ। ਮੁੰਬਈ ਵਿੱਚ ਦਸ ਦਿਨ ਚੱਲਣ ਵਾਲੇ ਉਤਸਵ ਦੀ ਸੁਰੱਖਿਆ ਦੇ ਮੱਦੇਨਜ਼ਰ ਲਗਪਗ 15,000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। -ਪੀਟੀਆਈ